ਜੇਨੇਵਾ, 25 ਨਵੰਬਰ – ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਕਿਹਾ ਕਿ ਪਿਛਲੇ ਹਫ਼ਤੇ ਯੂਰਪ ਵਿੱਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਵਿੱਚ 11 ਫੀਸਦੀ ਦਾ ਵਾਧਾ ਹੋਇਆ ਅਤੇ ਦੁਨੀਆ ਦਾ ਇਹ ਇਕਲੌਤਾ ਖੇਤਰ ਹੈ ਜਿਥੇ ਕੋਵਿਡ-19 ਦੇ ਮਾਮਲੇ ਅਕਤੂਬਰ ਦੇ ਮੱਧ ਤੋਂ ਲਗਾਤਾਰ ਵਧ ਰਹੇ ਹਨ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਮਹਾਮਾਰੀ ਨੂੰ ਲੈ ਕੇ ਆਪਣੇ ਹਫ਼ਤਾਵਾਰੀ ਮੁਲਾਂਕਣ ਵਿੱਚ ਕਿਹਾ ਕਿ ਗਲੋਬਲ ਪੱਧਰ ਤੇ ਇਨਫੈਕਸ਼ਨ ਦੇ ਮਾਮਲਿਆਂ ਅਤੇ ਮੌਤਾਂ ਵਿੱਚ ਲਗਭਗ 6 ਫੀਸਦੀ ਦੀ ਵਾਧਾ ਹੋਇਆ ਹੈ।
ਪਿਛਲੇ ਹਫ਼ਤੇ ਇਨਫੈਕਸ਼ਨ ਦੇ ਲਗਭਗ 36 ਲੱਖ ਮਾਮਲੇ ਆਏ ਅਤੇ 51,000 ਵਿਅਕਤੀਆਂ ਦੀ ਮੌਤ ਹੋਈ। ਡਬਲਯੂ. ਐੱਚ. ਓ. ਦੇ ਯੂਰਪ ਦੇ ਨਿਰਦੇਸ਼ਕ ਡਾ. ਹੈਂਸ ਕਲੂਜ਼ ਨੇ ਚਿਤਾਵਨੀ ਦਿੱਤੀ ਕਿ ਜਲਦ ਸਾਵਧਾਨੀ ਕਦਮ ਨਹੀਂ ਚੁੱਕੇ ਗਏ ਤਾਂ ਮਹਾਦੀਪ ਵਿੱਚ ਬਸੰਤ ਦੇ ਮੌਸਤ ਤੱਕ 7,00,000 ਹੋਰ ਮੌਤਾਂ ਹੋ ਸਕਦੀਆਂ ਹਨ। ਕਲੂਜ ਨੇ ਕਿਹਾ ਕਿ ਯੂਰਪੀਨ ਖੇਤਰ ਕੋਵਿਡ-19 ਮਹਾਮਾਰੀ ਦੀ ਮਜ਼ਬੂਤ ਪਰੜ ਵਿੱਚ ਬਣਿਆ ਹੋਇਆ ਹੈ। ਉਨ੍ਹਾਂ ਨੇ ਦੇਸ਼ਾਂ ਨੂੰ ਟੀਕਾਕਰਨ ਵਧਾਉਣ ਅਤੇ ਲਾਕਡਾਊਨ ਦੇ ਅੰਤਿਮ ਉਪਾਅ ਤੋਂ ਬਚਣ ਲਈ ਮਾਸਕ ਲਾਉਣ ਅਤੇ ਸਮਾਜਿਕ ਦੂਰੀ ਵਰਗੇ ਹੋਰ ਉਪਾਅ ਦਾ ਪਾਲਣ ਕਰਨ ਦੀ ਮੰਗ ਕੀਤੀ। ਕਲੂਜ ਨੇ ਕਿਹਾ ਕਿ ਡਬਲਯੂ. ਐੱਚ. ਓ. ਦੇ ਮੱਧ ਏਸ਼ੀਆ ਤੱਕ ਫੈਲੇ ਯੂਰਪੀਨ ਖੇਤਰ ਵਿੱਚ ਟੀਕੇ ਦੀ ਇਕ ਅਰਬ ਤੋਂ ਜ਼ਿਆਦਾ ਖੁਰਾਕ ਦਿੱਤੀ ਗਈ ਹੈ। ਪਿਛਲੇ ਹਫ਼ਤੇ ਵਿੱਚ ਆਸਟ੍ਰੀਆ, ਨੀਦਰਲੈਂਡ ਅਤੇ ਬੈਲਜ਼ੀਅਮ ਨੇ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਹੋ ਰਹੇ ਵਾਧੇ ਨੂੰ ਰੋਕਣ ਲਈ ਲਾਕਡਾਊਨ ਸਮੇਤ ਸਾਰੇ ਸਖ਼ਤ ਉਪਾਅ ਨੂੰ ਅਪਣਾਇਆ ਹੈ। ਜਰਮਨੀ ਵਿੱਚ ਵੀ ਇਸ ਹਫ਼ਤੇ ਮੌਤ ਦੀ ਗਿਣਤੀ 1,00,000 ਤੋਂ ਜ਼ਿਆਦਾ ਹੋਣ ਦਾ ਖ਼ਦਸ਼ਾ ਹੈ।