ਸਰੀ, 11 ਅਗਸਤ 2020 – ਪਿਛਲੇ 72 ਘੰਟਿਆਂ ਵਿਚ ਬੀਸੀ ਵਿਚ ਕੋਰੋਨਾ ਵਾਇਰਸ ਦੇ 131 ਹੋਰ ਕੇਸ ਸਾਹਮਣੇ ਆਏ ਹਨ। ਬੀਸੀ ਦੀ ਸੂਬਾਈ ਸਿਹਤ ਅਫਸਰ ਡਾ. ਬੌਨੀ ਹੈਨਰੀ ਨੇ ਦੱਸਿਆ ਹੈ ਕਿ ਸ਼ੁੱਕਰਵਾਰ ਨੂੰ 50 ਮਾਮਲੇ, ਸ਼ਨੀਵਾਰ ਨੂੰ 37 ਅਤੇ ਐਤਵਾਰ ਦੇ 44 ਮਾਮਲੇ ਸਾਹਮਣੇ ਆਏ ਹਨ। ਹੁਣ ਸੂਬੇ ਵਿਚ ਕੋਵਿਡ-19 ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ 4,065 ਹੋ ਗਈ ਹੈ ਜਿਨ੍ਹਾਂ ਵਿੱਚੋਂ 445 ਕੇਸ ਐਕਟਿਵ ਦੱਸੇ ਗਏ ਹਨ।
ਡਾ. ਬੌਨੀ ਹੈਨਰੀ ਨੇ ਵਿਸ਼ੇਸ਼ ਕਰਕੇ ਨੌਜਵਾਨ ਵਰਗ ਪ੍ਰਤੀ ਆਪਣੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਨੌਜਵਾਨਾਂ ਨੂੰ ਛੋਟੇ ਇਕੱਠਾਂ ਵਿਚ ਜਾਣ ਤੋਂ ਵੀ ਪਾਸਾ ਵੱਟਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਕਿਸੇ ਪਾਰਟੀ ਵਿਚ ਸ਼ਾਮਿਲ ਹੋਣ ਤੋਂ ਜਵਾਬ ਦੇਣ ਲਈ ਕੋਰੋਨਾ ਇੱਕ ਚੰਗਾ ਬਹਾਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀਆਂ ਵਿਚ ਸ਼ਰਾਬ ਪੀ ਕੇ ਸਿਹਤ ਸੁਰੱਖਿਆ ਦਾ ਧਿਆਨ ਰੱਖਣਾ ਇੱਕ ਚੁਣੌਤੀ ਬਣ ਜਾਂਦਾ ਹੈ।