ਫਰਾਂਸ, 25 ਨਵੰਬਰ – ਫਰਾਂਸ ਤੋਂ ਬ੍ਰਿਟੇਨ ਜਾਣ ਦੀ ਕੋਸ਼ਿਸ਼ ਕਰ ਰਹੇ ਲਗਭਗ 31 ਸ਼ਰਨਾਰਥੀਆਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੇ ਇੰਗਲਿਸ਼ ਚੈਨਲ ਨੂੰ ਪਾਰ ਕਰ ਰਹੇ ਸਨ ਜਦੋਂ ਉਨ੍ਹਾਂ ਦੀ ਕਿਸ਼ਤੀ ਉਲਟ ਗਈ। ਫਰਾਂਸ ਦੇ ਗ੍ਰਹਿ ਮੰਤਰੀ ਨੇ ਇਸ ਨੂੰ ਪ੍ਰਵਾਸੀਆਂ ਦੀ ਸਭ ਤੋਂ ਵੱਡੀ ਤ੍ਰਾਸਦੀ ਦੱਸਿਆ ਹੈ।
ਸ਼ਰਨਾਰਥੀਆਂ ਨਾਲ ਹੋਏ ਇਸ ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲੀਸ, ਐਂਬੂਲੈਂਸ ਅਤੇ ਹੋਰ ਐਮਰਜੈਂਸੀ ਸੇਵਾਵਾਂ ਕੈਲਾਸ ਬੰਦਰਗਾਹ ਤੇ ਪਹੁੰਚ ਗਈਆਂ ਹਨ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਗੇਰਾਲਡ ਡਰਮਨਿਨ ਦਾ ਕਹਿਣਾ ਹੈ ਕਿ ਮੰਨਿਆ ਜਾ ਰਿਹਾ ਹੈ ਕਿ ਕਿਸ਼ਤੀ ਤੇ 34 ਵਿਅਕਤੀ ਸਵਾਰ ਸਨ, ਜਿਨ੍ਹਾਂ ਵਿੱਚੋਂ 31 ਲਾਸ਼ਾਂ ਮਿਲ ਗਈਆਂ ਹਨ ਅਤੇ ਦੋ ਵਿਅਕਤੀ ਜ਼ਿੰਦਾ ਮਿਲੇ ਹਨ। ਇੱਕ ਵਿਅਕਤੀ ਅਜੇ ਵੀ ਲਾਪਤਾ ਹੈ। ਬੀਤੀ ਸ਼ਾਮ ਤੱਕ, ਸੰਯੁਕਤ ਫ੍ਰੈਂਚ ਅਤੇ ਬ੍ਰਿਟਿਸ਼ ਬਚਾਅਕਰਤਾ ਬਚੇ ਲੋਕਾਂ ਦੀ ਭਾਲ ਕਰ ਰਹੇ ਸਨ।