ਆਦਮਪੁਰ, 24 ਨਵੰਬਰ – ਆਦਮਪੁਰ ਬਸ ਸਟੈਂਡ ਦੇ ਸਾਹਮਣੇ ਮੇਨ ਰੋਡ ਤੇ ਬੀਤੀ ਰਾਤ 2 ਵਜੇ ਦੇ ਕਰੀਬ ਕਿਤਾਬਾਂ ਦੀ ਦੁਕਾਨ ਕਿਸ਼ਨ ਪੁਸਤਕ ਭੰਡਾਰ ਵਿੱਚ ਜ਼ੋਰਦਾਰ ਧਮਾਕਾ ਹੋਣ ਤੋਂ ਬਾਅਦ ਦੁਕਾਨ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਦੁਕਾਨ ਦੀ ਛੱਤ ਹੀ ਉੱਡ ਗਈ ਅਤੇ ਦੁਕਾਨ ਤੇ ਲੱਗਾ ਸ਼ਟਰ 10 ਫੁੱਟ ਦੂਰ ਮੇਨ ਸੜਕ ਤੇ ਜਾ ਡਿੱਗਿਆ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਡੀ. ਐੱਸ. ਪੀ. ਆਦਮਪੁਰ ਅਜੇ ਗਾਂਧੀ ਅਤੇ ਥਾਣਾ ਮੁੱਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 2 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਮੇਨ ਰੋਡ ਤੇ ਇੱਕ ਕਿਤਾਬਾਂ ਦੀ ਦੁਕਾਨ ਤੇ ਅੱਗ ਲੱਗੀ ਹੋਈ ਹੈ। ਦੁਕਾਨ ਦੇ ਬਾਹਰ ਇੱਕ ਸੜੀ ਹੋਈ ਲਾਸ਼ ਪਈ ਹੈ ਅਤੇ ਇੱਕ ਹੋਰ ਵਿਅਕਤੀ ਨੂੰ ਅੱਗ ਲੱਗੀ ਹੋਈ ਸੀ ਉਹ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆਂ ਕਿ ਉਸ ਵਿਅਕਤੀ ਨੂੰ ਪੁਲੀਸ ਨੇ ਕਠਾਰ ਨੇੜੇ ਇੱਕ ਢਾਬੇ ਤੋਂ ਗ੍ਰਿਫ਼ਤਾਰ ਕਰਕੇ ਇਲਾਜ ਲਈ ਪਹਿਲਾ ਸੀ. ਐੱਚ. ਸੀ. ਆਦਮਪੁਰ ਵਿਖੇ ਲਿਆਂਦਾ ਅਤੇ ਬਾਅਦ ਵਿੱਚ ਉਸਦੀ ਹਾਲਤ ਨਾਜ਼ੁਕ ਦੇਖਦਿਆਂ ਉਸਨੂੰ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਦੁਕਾਨ ਨੂੰ ਪੈਟਰੋਲ ਪਾਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਇਸ ਦੌਰਾਨ ਜ਼ੋਰਦਾਰ ਧਮਾਕਾ ਹੋ ਗਿਆ ਜਿਸ ਨਾਲ ਅੱਗ ਲਗਾਉਣ ਆਏ ਇੱਕ ਵਿਅਕਤੀ ਪਰਦੀਪ ਵਾਸੀ ਬਸਤੀ ਬਾਵਾ ਖੇਲ ਜਲੰਧਰ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਇਸ ਦਾ ਇਕ ਸਾਥੀ ਜਤਿੰਦਰ ਵਾਸੀ ਬਸਤੀ ਬਾਵਾ ਖੇਲ ਗੰਭੀਰ ਰੂਪ ਵਿੱਚ ਸੜ ਗਿਆ। ਇਸ ਦੌਰਾਨ ਤੀਜਾ ਦੋਸ਼ੀ ਸਿਮਰਜੀਤ ਵਾਸੀ ਅਜੀਤ ਨਗਰ ਜਲੰਧਰ ਦੌੜਨ ਵਿੱਚ ਕਾਮਯਾਬ ਹੋ ਗਿਆ।
ਦੁਕਾਨ ਦੇ ਮਾਲਕ ਹਰਿੰਦਰ ਧੂਪੜ ਵਾਸੀ ਆਦਮਪੁਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਗਿਆ ਅਤੇ ਰਾਤ 2 ਵਜੇ ਦੇ ਕਰੀਬ ਉਸ ਨੂੰ ਫੋਨ ਆਇਆ ਕਿ ਦੁਕਾਨ ਵਿੱਚ ਅੱਗ ਲੱਗ ਗਈ ਹੈ ਜਿਸ ਤੇ ਉਸ ਨੇ ਮੌਕੇ ਤੇ ਆ ਕਿ ਦੇਖਿਆ ਅਤੇ ਪੁਲੀਸ ਅਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਫਾਇਰ ਬ੍ਰਿਗੇਡ ਵਾਲਿਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਬੁਝਾਈ। ਇਸ ਅੱਗ ਕਾਰਨ ਉਸ ਦਾ 10 ਤੋਂ 12 ਲੱਖ ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ ਅਤੇ ਦੁਕਾਨ ਦਾ ਬਾਕੀ ਕੁਝ ਨਹੀਂ ਬਚਿਆ।