ਨਵੀਂ ਦਿੱਲੀ – ਦਿੱਲੀ ਦੇ ਵਕੀਲ ਭਾਈਚਾਰੇ ਨੇ 26 ਜਨਵਰੀ ਨੂੰ ਦਿੱਲੀ ਵਿਚ ਵਾਪਰੀ ਹਿੰਸਾ ਦੀ ਘਟਨਾ ਦੌਰਾਨ ਨਿਰਦੋਸ਼ ਪ੍ਰਦਰਸ਼ਨਕਾਰੀਆਂ ਅਤੇ ਦਰਜ ਝੂਠੇ ਕੇਸਾਂ ਦੀ ਪੈਰਵਾਈ ਦੇ ਮਾਮਲੇ ਵਿਚ ਦਿੱਲੀ ਦਾ ਵਕੀਲ ਭਾਈਚਾਰਾ ਸਰਗਰਮ ਹੋ ਗਿਆ ਹੈ। ਦਿੱਲੀ ਦੇ ਗੁਰਦਆਰਾ ਸ੍ਰੀ ਰਕਾਬਗੰਜ ਸਾਹਿਬ ’ਚ 200 ਤੋਂ ਵੀ ਵੱਧ ਵਕੀਲਾਂ ਨੇ ਇਕੱਠ ਕਰਕੇ ਇਸ ਸਬੰਧ ’ਚ ਫੈਸਲਾ ਲਿਆ ਹੈ। ਸੁਪਰੀਮ ਕੋਰਟ ਦੇ ਵਕੀਲ ਐਡਵੋਕੇਟ ਅਮਰਵੀਰ ਸਿੰਘ ਭੁੱਲਰ ਮੰਡੀ ਕਲਾਂ ਵਾਲਿਆਂ ਨੇ ਦੱਸਿਆ ਕਿ ਬਹੁਤ ਸਾਰੇ ਵਕੀਲਾਂ ਨੇ ਪੀੜਤ ਕਿਸਾਨ ਪ੍ਰੀਵਾਰਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ ਹੈ। ਉਹਨਾਂ ਆਖਿਆ ਕਿ ਵਕੀਲ ਭਾਈਚਾਰੇ ਨੇ ਫੈਸਲਾ ਕੀਤਾ ਹੈ ਕਿ ਉਹ ਹਿੰਸਕ ਘਟਨਾ ਦੌਰਾਨ ਗਿ੍ਰਫਤਾਰ ਕੀਤੇ ਨੌਜਵਾਨਾਂ ਦੇ ਮਾਮਲਿਆਂ ਦੀ ਪੈਰਵਾਈ ਵਾਸਤੇ ਮੁਫਤ ਕਾਨੂੰਨੀ ਸੇਵਾਵਾਂ ਦੇਣਗੇ।ਉਹਨਾਂ ਆਖਿਆ ਕਿ ਮੀਟਿੰਗ ’ਚ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਵਕੀਲ ਆਪੋ ਆਪਣੇ ਖੇਤਰਾਂ ਨਾਲ ਸਬੰਧਤ ਅਦਾਲਤਾਂ ’ਚ ਇਹਨਾਂ ਕੇਸਾਂ ਨਾਲ ਨਜਿੱਠਣਗੇ ਜਿਹਨਾਂ ’ਚ ਸਭ ਤੋਂ ਪਹਿਲਾਂ ਜਮਾਨਤਾਂ ਕਰਵਾਉਣਾ ਅਤੇ ਬਾਅਦ ’ਚ ਕਾਨੂੰਨੀ ਪ੍ਰਕਿਰਿਆ ਤਹਿਤ ਮਾਮਲਿਆਂ ਦੀ ਸੁਣਵਾਈ ਦੌਰਾਨ ਬਣਦੀ ਕਾਰਵਾਈ ’ਚ ਸਹਿਯਗ ਸ਼ਾਮਲ ਹੈ। ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਇਹ ਵੀ ਤੱਥ ਉੱਭਰੇ ਹਨ ਕਿ ਦਿੱਲੀ ਪੁਲਿਸ ਵੱਲੋਂ ਕੀਤੀ ਕਾਰਵਾਈ ਨਿਆਂ ਸੰਗਤ ਨਹੀਂ ਹੈ। ਉਹਨਾਂ ਦੱਸਿਆ ਕਿ ਪੰਜਾਬ ਸਮੇਤ ਵੱਖ ਵੱਖ ਸੂਬਿਆਂ ਦੇ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਨਵੇਂ ਖੇਤੀ ਕਾਨੂੰਨਾਂ ਖਿਲਾਫ ਸ਼ਾਂਤਮਈ ਸੰਘਰਸ਼ ਕਰ ਰਹੇ ਹਨ। ਉਹਨਾਂ ਦੱਸਿਆ ਕਿ ਵਕੀਲਾਂ ਨੇ ਇਹ ਵੀ ਮਹਿਸੂਸ ਕੀਤਾ ਹੈ ਕਿ ਦਿੱਲੀ ’ਚ ਵਾਪਰੀਆਂ ਹਿੰਸਕ ਘਟਨਾਵਾਂ ਦੀ ਨਿਰੱਪਖ ਜਾਂਚ ਕੀਤੀ ਜਾਣੀ ਚਾਹੀਦੀ ਹੈ।ਭੁੱਲਰ ਨੇ ਆਖਿਆ ਕਿ ਕੁੱਝ ਵਕੀਲਾਂ ਦਾ ਵਿਚਾਰ ਸੀ ਕਿ ਕੇਂਦਰ ਸਰਕਾਰ ਨੇ ਕਿਸਾਨ ਅੰਦੋਲਨ ਨੂੰ ਫੇਲ ਕਰਨ ਦੇ ਮੰਤਵ ਨਾਲ ਗੈਰ ਸਮਾਜੀ ਲੋਕਾਂ ਦੀ ਘੁਸਪੈਠ ਕਰਾਈ ਹੈ ਤਾਂ ਜੋ ਅੰਦੋਲਨ ਨੂੰ ਬਦਨਾਮ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਉਹ ਖੁਦ ਵੀ ਇਹਨਾਂ ਕੇਸਾਂ ਦੀ ਪੈਰਵਾਈ ਕਰ ਰਹੇ ਹਨ। ਉਹਨਾਂ ਵਕੀਲ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੇ ਮਾਮਲਿਆਂ ਨੂੰ ਪੂਰੀ ਤਨਦੇਹੀ ਨਾਲ ਕਾਨੂੰਨੀ ਸਹਾਇਤਾ ਦੇਣ ਤਾਂ ਜੋ ਪੀੜਤ ਪ੍ਰੀਵਾਰਾਂ ਨੂੰ ਰਾਹਤ ਦਿਵਾਈ ਜਾ ਸਕੇ। ਦੱਸਣਯੋਗ ਹੈ ਕਿ 26 ਜਨਵਰੀ ਨੂੰ ਦਿੱਲੀ ’ਚ ਲਾਲ ਕਿਲੇ ਲਾਗੇ ਹਿੰਸਾ ਹੋਈ ਸੀ।ਇਸ ਨੂੰ ਸੰਘਰਸ਼ ਕਰ ਰਹੀਆਂ ਜੱਥੇਬੰਦੀਆਂ ਨੇ ਪੰਜਾਬੀ ਫਿਲਮਾਂ ਦੇ ਇੱਕ ਕਲਾਕਾਰ ਸਮੇਤ ਗੈਰਸਮਾਜੀ ਅਨਸਰਾਂ ਦੀ ਕਾਰਵਾਈ ਕਰਾਰ ਦਿੱਤਾ ਸੀ। ਇਸ ਹਿੰਸਾ ਮਾਮਲੇ ’ਚ ਦਿੱਲੀ ਪੁਲਿਸ ਨੇ ਵੱਖ ਵੱਖ ਥਾਣਿਆਂ ’ਚ ਐਫਆਈਆਰ ਦਰਜ ਕੀਤੀਆਂ ਸਨ ਜਿਹਨਾਂ ਦੇ ਅਧਾਰ ਤੇ ਨੌਜਵਾਨਾਂ ਤੇ ਕਿਸਾਨਾਂ ਨੂੰ ਜੇਹਲ ਭੇਜਿਆ ਹੋਇਆ ਹੈ। ਇਹਨਾਂ ਮਾਮਲਿਆਂ ਨੂੰ ਕਾਨੂੰਨੀ ਢੰਗ ਨਾਲ ਨਜਿੱਠਣ ਲਈ ਦਿੱਲੀ ਦੇ ਵਕੀਲ ਸਾਹਮਣੇ ਆਏ ਹਨ। ਸ੍ਰੀ ਭੁੱਲਰ ਨੇ ਆਖਿਆ ਕਿ ਇਹਨਾਂ ਪੁਲਿਸ ਕੇਸਾਂ ’ਚ ਸ਼ਾਮਲ ਕੀਤੇ ਨੌਜਵਾਨਾਂ ਦੀ ਪੂਰੀ ਪੂਰੀ ਸਹਾਇਤਾ ਕੀਤੀ ਜਾਏਗੀ।