ਵਾਸ਼ਿੰਗਟਨ, 22 ਨਵੰਬਰ -ਅਮਰੀਕਾ ਦੇ ਵਿਸਕਾਨਸਿਨ ਦੇ ਸ਼ਹਿਰ ਵੌਕੇਸ਼ਾ ਵਿੱਚ ਬੀਤੀ ਰਾਤ ਨੂੰ ਕ੍ਰਿਸਮਸ ਪਰੇਡ ਵਿੱਚ ਸ਼ਾਮਲ ਲੋਕਾਂ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਸਥਾਨਕ ਪੁਲੀਸ ਅਤੇ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਇਹ ਪੁਸ਼ਟੀ ਕੀਤੀ। ਵੌਕੇਸ਼ਾ ਪੁਲੀਸ ਮੁਖੀ ਡੈਨ ਥਾਮਪਸਨ ਨੇ ਦੱਸਿਆ ਕਿ ਕੁਝ ਵਿਅਕਤੀਆਂ ਦੀ ਮੌਤ ਹੋਈ ਹੈ ਪਰ ਕੁਲ ਕਿੰਨੇ ਵਿਅਕਤੀ ਮਾਰੇ ਗਏ ਹਨ, ਇਸ ਦੀ ਜਾਣਕਾਰੀ ਉਨ੍ਹਾਂ ਨੇ ਨਹੀਂ ਦਿੱਤੀ।
ਇੱਕ ਅਧਿਕਾਰੀ ਨੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਫਾਇਰ ਵਿਭਾਗ ਦੇ ਮੁਖੀ ਸਟੀਵਨ ਹੋਵਰਡ ਨੇ ਦੱਸਿਆ ਕਿ ਹਾਦਸੇ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਵਿਭਾਗ ਦੇ ਅਧਿਕਾਰੀਆਂ ਨੇ ਹਸਪਤਾਲ ਵਿੱਚ ਭਰਤੀ ਕਰਾਇਆ ਹੈ। ਥਾਮਪਸਨ ਨੇ ਦੱਸਿਆ ਕਿ ਪੁਲੀਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਜਿਵੇਂ ਹੀ ਕਾਰ ਬੈਰੀਕੇਡਾਂ ਨੂੰ ਤੋੜ ਕੇ ਅੱਗੇ ਵਧੀ ਤਾਂ ਵੌਕੇਸ਼ਾ ਪੁਲੀਸ ਨੇ ਕਾਰ ਨੂੰ ਰੋਕਣ ਲਈ ਗੋਲੀਆਂ ਚਲਾਈਆਂ। ਪੁਲੀਸ ਵੱਲੋਂ ਚਲਾਈਆਂ ਗਈਆਂ ਗੋਲੀਆਂ ਵਿੱਚ ਕੋਈ ਰਾਹਗੀਰ ਜ਼ਖ਼ਮੀ ਨਹੀਂ ਹੋਇਆ ਹੈ। ਵੌਕੇਸ਼ਾ ਹਾਲੀਡੇਅ ਪਰੇਡ ਦਾ ਬੀਤੀ ਰਾਤ ਸ਼ਹਿਰ ਦੇ ਫੇਸਬੁੱਕ ਪੇਜ਼ ਤੇ ਸਿੱਧਾ ਪ੍ਰਸਾਰਨ ਕੀਤਾ ਗਿਆ ਸੀ। ਇਸ ਵੀਡੀਓ ਵਿੱਚ ਲਾਲ ਰੰਗ ਦੀ ਐਸ. ਯੂ. ਵੀ. ਕਾਰ ਭੀੜ ਵਿੱਚੋਂ ਲੰਘਦੀ ਹੋਈ ਅਤੇ ਰਸਤੇ ਵਿੱਚ ਵਿਅਕਤੀਆਂ ਨੂੰ ਕੁਚਲਦੇ ਹੋਏ ਦਿਖਾਈ ਦੇ ਰਹੀ ਹੈ।