ਵੈਨਕੂਵਰ, 22 ਨਵੰਬਰ – ਫ੍ਰੈਂਡਜ਼ ਆਫ ਕੈਨੇਡਾ-ਭਾਰਤ ਨੇ ਮਿਲ ਕੇ ਅੱਜ ਵੈਨਕੂਵਰ ਕਨਵੈਨਸ਼ਨ ਸੈਂਟਰ ਦੇ ਸਾਹਮਣੇ ਬੀਜਿੰਗ ਵਿੰਟਰ ਓਲੰਪਿਕ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਨੂੰ ਚੀਨ ਖ਼ਿਲਾਫ਼ ਇਕਜੁੱਟਤਾ ਲਈ ਇੱਕ ਵੱਡੀ ਸਫਲਤਾ ਵਜੋਂ ਦੇਖਿਆ ਜਾ ਸਕਦਾ ਹੈ। ਜਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਉਇਗਰ, ਤਿੱਬਤੀ ਅਤੇ ਹਾਂਗਕਾਂਗ ਦੇ ਕਾਰਕੁਨ ਬੀਜਿੰਗ ਓਲੰਪਿਕ ਦੇ ਮੁਕੰਮਲ ਬਾਈਕਾਟ ਦੀ ਮੰਗ ਨੂੰ ਲੈ ਕੇ ਦੁਨੀਆ ਭਰ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਇਸ ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਉੱਧਰ ਬ੍ਰਿਟੇਨ ਵੀ 2022 ਵਿੱਚ ਹੋਣ ਵਾਲੀਆਂ ਸਰਦ ਰੁੱਤ ਓਲੰਪਿਕ ਖੇਡਾਂ ਦਾ ਕੂਟਨੀਤਕ ਤੌਰ ਤੇ ਬਾਈਕਾਟ ਕਰ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਚੀਨ ਵਿੱਚ ਕਥਿਤ ਤੌਰ ਤੇ ਮਨੁੱਖੀ ਅਧਿਕਾਰੀ ਉਲੰਘਣਾ ਦੇ ਮੁੱਦੇ ਤੇ ਬੀਜਿੰਗ ਓਲੰਪਿਕ 2022 ਦਾ ਕੂਟਨੀਤਕ ਤੌਰ ਤੇ ਬਾਈਕਾਟ ਕਰਨ ਤੇ ਵਿਚਾਰ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀ ਪਿਛਲੇ ਹਫਤੇ ਬੀਜਿੰਗ ਓਲੰਪਿਕ 2022 ਦਾ ਕੂਟਨੀਤਕ ਬਾਈਕਾਟ ਕਰਨ ਦੀ ਗੱਲ ਕਹੀ ਸੀ। ਮਾਰਚ ਵਿੱਚ ਅਮਰੀਕਾ, ਬ੍ਰਿਟੇਨ, ਕੈਨੇਡਾ ਅਤੇ ਯੂਰਪੀ ਸੰਘ ਨੇ ਸ਼ਿਨਜਿਆਂਗ ਉਇਗਰ ਸਵਾਇਤ ਖੇਤਰ ਵਿੱਚ ਕਥਿਤ ਮਨੁੱਖੀ ਅਧਿਕਾਰ ਉਲੰਘਣਾ ਨੂੰ ਲੈ ਕੇ ਚੀਨ ਦੇ ਚਾਰ ਅਧਿਕਾਰੀਆਂ ਅਤੇ ਇਕ ਇਕਾਈ ਤੇ ਪਾਬੰਦੀ ਲਗਾ ਦਿੱਤੀ ਸੀ।