ਨਵੀਂ ਦਿੱਲੀ, 22 ਨਵੰਬਰ – 27 ਫਰਵਰੀ 2019 ਨੂੰ ਇੱਕ ਪਾਕਿਸਤਾਨੀ ਐੱਫ-16 ਲੜਾਕੂ ਜਹਾਜ਼ ਨੂੰ ਹਵਾਈ ਹਮਲੇ ਵਿੱਚ ਮਾਰ ਡਿਗਾਉਣ ਲਈ ਵਿੰਗ ਕਮਾਂਡਰ (ਹੁਣ ਗਰੁੱਪ ਕਮਾਂਡਰ) ਅਭਿਨੰਦਨ ਵਰਧਮਾਨ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਅੱਜ ਵੀਰ ਚੱਕਰ ਨਾਲ ਸਨਮਾਨਤ ਕੀਤਾ ਗਿਆ ਹੈ। ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਅਭਿਨੰਦਨ ਨੂੰ ਇਸ ਪੁਰਸਕਾਰ ਨਾਲ ਨਵਾਜਿਆ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸ਼ਿਰਕਤ ਕੀਤੀ।
ਜਿਕਰਯੋਗ ਹੈ ਕਿ 26-27 ਫਰਵਰੀ ਦੀ ਰਾਤ ਪਾਕਿਸਤਾਨ ਦੇ ਬਾਲਾਕੋਟ ਏਅਰ ਸਟਰਾਈਕ ਕੀਤੀ ਗਈ ਸੀ। ਜਿਸ ਹਮਲੇ ਮਗਰੋਂ ਪਾਕਿਸਤਾਨੀ ਨੇ ਬੌਖਲਾ ਕੇ ਭਾਰਤ ਦੀ ਸਰਹੱਦ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਭਾਰਤੀ ਹਵਾਈ ਫ਼ੌਜ ਨੇ ਉਸ ਨੂੰ ਖਦੇੜ ਦਿੱਤਾ ਸੀ। ਪਾਕਿਸਤਾਨ ਦੇ ਲੜਾਕੂ ਜਹਾਜ਼ ਨੂੰ ਅਭਿਨੰਦਨ ਨੇ ਮਾਰ ਡਿਗਾਇਆ ਸੀ। ਆਪਰੇਸ਼ਨ ਦੌਰਾਨ ਅਭਿਨੰਦਨ ਦਾ ਮਿਗ-21 ਕ੍ਰੈਸ਼ ਹੋ ਗਿਆ ਸੀ। ਇਸ ਤੋਂ ਬਾਅਦ ਉਹ ਤਿੰਨ ਦਿਨਾਂ ਤੱਕ ਪਾਕਿਸਤਾਨ ਦੇ ਕਬਜ਼ੇ ਵਿੱਚ ਰਹੇ ਸਨ। ਪਾਕਿਸਤਾਨ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਸੀ। ਭਾਰਤ ਦੇ ਦਬਾਅ ਮਗਰੋਂ ਪਾਕਿਸਤਾਨ ਨੇ ਅਭਿਨੰਦਨ ਨੂੰ ਛੱਡਿਆ ਸੀ।
ਜਿਕਰਯੋਗ ਹੈ ਕਿ 14 ਫਰਵਰੀ 2019 ਨੂੰ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਕਸ਼ਮੀਰ ਦੇ ਪੁਲਵਾਮਾ ਵਿਚ ਸੀ. ਆਰ. ਪੀ. ਐੱਫ. ਦੇ ਕਾਫ਼ਿਲੇ ਤੇ ਆਤਮਘਾਤੀ ਹਮਲਾ ਕੀਤਾ ਸੀ, ਜਿਸ ਵਿੱਚ ਭਾਰਤ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਉਸ ਤੋਂ ਬਾਅਦ ਭਾਰਤ ਨੇ ਕਾਰਵਾਈ ਕਰਦੇ ਹੋਏ 26-27 ਫਰਵਰੀ ਦੀ ਰਾਤ ਬਾਲਾਕੋਟ ਵਿੱਚ ਅੱਤਵਾਦੀ ਟਿਕਾਣਿਆਂ ਤੇ ਏਅਰ ਸਟਰਾਈਕ ਕੀਤੀ ਸੀ। ਭਾਰਤ ਦੇ ਇਸ ਹਵਾਈ ਹਮਲੇ ਵਿੱਚ 300 ਤੋਂ ਵਧੇਰੇ ਅੱਤਵਾਦੀ ਮਾਰੇ ਗਏ ਸਨ। ਅਭਿਨੰਦਨ ਨੇ ਮਿਗ-21 ਨਾਲ ਪਾਕਿਸਤਾਨ ਦੇ ਐੱਫ-16 ਨੂੰ ਮਾਰ ਡਿਗਾਇਆ ਸੀ। ਇਸ ਨਾਲ ਦੁਨੀਆਂ ਭਰ ਵਿੱਚ ਉਨ੍ਹਾਂ ਦੀ ਤਾਰੀਫ਼ ਹੋਈ ਸੀ। ਭਾਰਤ ਨੇ 1970 ਦੇ ਦਹਾਕੇ ਵਿੱਚ ਰੂਸ ਤੋਂ ਮਿਗ-21 ਨੂੰ ਖਰੀਦਿਆ ਸੀ। ਬਾਲਾਕੋਟ ਏਅਰ ਸਟਰਾਈਕ ਦੇ ਸਮੇਂ ਅਭਿਨੰਦਰ ਹਵਾਈ ਫ਼ੌਜ ਵਿੱਚ ਵਿੰਗ ਕਮਾਂਡਰ ਸਨ। ਹੁਣ ਉਹ ਗਰੁੁੱਪ ਕੈਪਟਨ ਬਣ ਗਏ ਹਨ।