ਅੰਮ੍ਰਿਤਸਰ, 22 ਨਵੰਬਰ -ਲੰਮੀ ਹੇਕ ਵਾਲੀ ਗਾਇਕਾ ਗੁਰਮੀਤ ਬਾਵਾ ਦਾ ਅੱਜ ਨੂੰ ਗੁਰਦੁਆਰਾ ਸ਼ਹੀਦਾਂ ਸਾਹਿਬ ਨਜ਼ਦੀਕ ਸਥਿਤ ਸ਼ਮਸ਼ਾਨਘਾਟ ਵਿੱਚ ਅੰਤਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਗਾਇਕ, ਲੇਖਕ ਤੇ ਉਨ੍ਹਾਂ ਦੇ ਪ੍ਰਸੰਸਕ ਮੌਜੂਦ ਸਨ। ਜ਼ਿਕਰਯੋਗ ਹੈ ਕਿ ਗੁਰਮੀਤ ਬਾਵਾ ਦਾ ਬੀਤੇ ਦਿਨ ਸਾਢੇ ਦੱਸ ਵਜੇ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੂੰ 20 ਨਵੰਬਰ ਦੀ ਰਾਤ ਤਬੀਅਤ ਢਿੱਲੀ ਹੋਣ ਤੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਦੇਹ ਨੂੰ ਫੁਲਕਾਰੀ ਪਾ ਕੇ ਫੁੱਲਾਂ ਨਾਲ ਸਜੀ ਟਰਾਲੀ ਵਿੱਚ ਸ਼ਮਸ਼ਾਨਘਾਟ ਤੱਕ ਲਿਆਂਦਾ ਗਿਆ।
ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਗਾਇਕ ਨੂੰ ਸ਼ਰਧਾਂਜਲੀ ਦੇਣ ਪੁੱਜੇ। ਉਨ੍ਹਾਂ ਨੇ ਗਾਇਕਾ ਦੀ ਅਰਥੀ ਨੂੰ ਵੀ ਮੋਢਾ ਦਿੱਤਾ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਹ ਗੁਰਮੀਤ ਬਾਵਾ ਦੀ ਯਾਦ ਵਿੱਚ ਕੁਝ ਐਲਾਨ ਕਰਨ ਲਈ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਜ਼ਰੂਰ ਗੱਲ ਕਰਨਗੇ।
ਗੁਰਮੀਤ ਬਾਵਾ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਦੋਹਤੇ ਰਤਨ ਸਿੰਘ ਠਾਕੁਰ ਵੱਲੋਂ ਦਿੱਤੀ ਗਈ ਜੋ ਲਾਚੀ ਬਾਵਾ ਦੇ ਬੇਟੇ ਹਨ। ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਉਨ੍ਹਾਂ ਦੇ ਪਤੀ ਕਿਰਪਾਲ ਬਾਵਾ, ਧੀਆਂ ਗਲੋਰੀ ਬਾਵਾ ਅਤੇ ਸਿਮਰਨ ਬਾਵਾ ਤੋਂ ਇਲਾਵਾ ਐਮ. ਪੀ. ਗੁਰਜੀਤ ਸਿੰਘ ਔਜਲਾ, ਪ੍ਰਸਿੱਧ ਐਂਕਰ ਸਤਿੰਦਰ ਸੱਤੀ, ਪ੍ਰਸਿੱਧ ਗਾਇਕ ਪੂਰਨ ਚੰਦ ਵਡਾਲੀ, ਦਲਵਿੰਦਰ ਦਿਆਲਪੁਰੀ, ਪ੍ਰਸਿੱਧ ਕਲਾਕਾਰ ਜਤਿੰਦਰ ਕੌਰ, ਫੋਕਲੋਰ ਰਿਸਰਚ ਅਕਾਦਮੀ ਪ੍ਰਧਾਨ ਰਮੇਸ਼ ਯਾਦਵ, ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਭੁਪਿੰਦਰ ਸੰਧੂ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦਵਿੰਦਰ ਸਿੰਘ, ਜਨਵਾਦੀ ਲੇਖਕ ਸਭਾ ਦੇ ਪ੍ਰਧਾਨ ਦੇਵ ਦਰਦ, ਗਾਇਕ ਰਛਪਾਲ ਰਸੀਲਾ, ਗਾਇਕ ਬਲਵਿੰਦਰ ਸਿੰਘ ਜਹਾਂਗੀਰ, ਰੰਗਕਰਮੀ ਕੁਲਜੀਤ ਵੇਰਕਾ, ਅਕਾਲੀ ਆਗੂ ਤਲਬੀਰ ਸਿੰਘ ਗਿੱਲ, ਆਪ ਆਗੂ ਡਾ. ਇੰਦਰਬੀਰ ਸਿੰਘ ਨਿੱਜਰ, ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਤੇ ਐਸ. ਡੀ. ਐਮ. ਰਾਜੇਸ਼ ਸ਼ਰਮਾ ਆਦਿ ਹਾਜ਼ਰ ਸਨ।