ਨਵੀਂ ਦਿੱਲੀ, 12 ਨਵੰਬਰ – ਪੱਛਮੀ ਬੰਗਾਲ ਦੇ ਕੂਚਬਿਹਾਰ ਵਿੱਚ ਕੌਮਾਂਤਰੀ ਸਰਹੱਦ ਤੇ ਮਵੇਸ਼ੀਆਂ ਦੀ ਤਸਕਰੀ ਦੀ ਕੋਸ਼ਿਸ ਕਰ ਰਹੇ 2 ਬੰਗਲਾਦੇਸ਼ੀ ਤਸਕਰਾਂ ਦੀ ਸਰਹੱਦੀ ਸੁਰੱਖਿਆ ਫ਼ੋਰਸ (ਬੀ. ਐੱਸ. ਐੱਫ.) ਦੀ ਗੋਲੀਬਾਰੀ ਵਿੱਚ ਮੌਤ ਹੋ ਗਈ। ਫ਼ੋਰਸ ਦੇ ਇੱਕ ਬੁਲਾਰੇ ਨੇ ਦੱਸਿਆ ਇੱਕ ਇਸ ਦੌਰਾਨ ਇੱਕ ਜਵਾਨ ਵੀ ਜ਼ਖਮੀ ਹੋ ਗਿਆ ਅਤੇ ਉਸ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਘਟਨਾ ਤੜਕੇ ਤਿੰਨ ਵਜੇ ਦੀ ਹੈ, ਜਦੋਂ ਬੰਗਲਾਦੇਸ਼ ਵਲੋਂ ਕੁਝ ਅਣਚਾਹੇ ਤੱਤ ਭਾਰਤੀ ਖੇਤਰ ਵਿੱਚ ਮਵੇਸ਼ੀਆਂ ਦੀ ਤਸਕਰੀ ਕਰਨ ਲਈ ਦਾਖ਼ਲ ਹੋਏ ਅਤੇ ਉਨ੍ਹਾਂ ਨੇ ਮਵੇਸ਼ੀਆਂ ਦੀ ਤਸਕਰੀ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਦੱਸਿਆ ਕਿ ਜਵਾਨਾਂ ਨੇ ਭਾਰਤ-ਬੰਗਲਾਦੇਸ਼ ਸਰਹੱਦ ਤੋਂ ਪਹਿਲਾਂ ਹੀ ਉਨ੍ਹਾਂ ਲੋਕਾਂ ਨੂੰ ਵਾਪਸ ਜਾਣ ਲਈ ਕਿਹਾ ਪਰ ਉਨ੍ਹਾਂ ਨੇ ਧਿਆਨ ਨਹੀਂ ਦਿੱਤਾ।
ਬੁਲਾਰੇ ਨੇ ਦੱਸਿਆ ਕਿ ਬੀ. ਐੱਸ. ਐੱਫ. ਦੇ ਜਵਾਨਾਂ ਨੇ ਬਦਮਾਸ਼ਾਂ ਨੂੰ ਰੋਕਣ ਲਈ ਅਜਿਹੇ ਹਥਿਆਰਾਂ ਦੀ ਵਰਤੋਂ ਕੀਤੀ, ਜੋ ਜਾਨਲੇਵਾ ਨਹੀਂ ਸਨ ਪਰ ਉਦੋਂ ਉਨ੍ਹਾਂ ਨੇ ਜਵਾਨਾਂ ਤੇ ਲੋਹੇ ਦੀਆਂ ਛੜਾਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਆਪਣੀ ਸੁਰੱਖਿਆ ਲਈ ਬੀ. ਐੱਸ. ਐੱਫ. ਦੇ ਇੱਕ ਦਲ ਨੇ ਬਦਮਾਸ਼ਾਂ ਵੱਲ ਹਵਾ ਵਿੱਚ ਗੋਲੀਆਂ ਚਲਾਈਆਂ। ਉਨ੍ਹਾਂ ਕਿਹਾ ਕਿ ਬਾਅਦ ਵਿੱਚ ਤਲਾਸ਼ਮੁਹਿੰਮ ਦੌਰਾਨ 2 ਅਣਪਛਾਤੇ ਵਿਅਕਤੀਆਂ ਦੀਆਂ ਲਾਸ਼ਾਂ ਸਰਹੱਦ ਬਾੜ ਅਤੇ ਕੌਮਾਂਤਰੀ ਸਰਹੱਦ ਵਿਚਾਲੇ ਬਰਾਮਦ ਹੋਈਆਂ।