ਮੁਰੈਨਾ, 30 ਅਗਸਤ – ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਦੇ ਨੂਰਾਬਾਦ ਥਾਣਾ ਖੇਤਰ ਵਿੱਚ ਇਕ ਫੂਡ ਪ੍ਰੋਡਕਟ ਬਣਾਉਣ ਵਾਲੀ ਫੈਕਟਰੀ ਵਿੱਚ ਅੱਜ ਸਵੇਰੇ ਟੈਂਕ ਦੀ ਸਫ਼ਾਈ ਲਈ ਉਤਰੇ 5 ਮਜ਼ਦੂਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਤਿੰਨ ਸਕੇ ਭਰਾ ਹਨ। ਪੁਲੀਸ ਅਨੁਸਾਰ ਜ਼ਿਲ੍ਹੇ ਦੇ ਨੂਰਾਬਾਦ ਥਾਣਾ ਖੇਤਰ ਵਿੱਚ ਸਥਿਤ ਫੂਡ ਪ੍ਰੋਡਕਟ ਬਣਾਉਣ ਵਾਲੀ ਫੈਕਟਰੀ ਵਿੱਚ ਪਾਣੀ ਨਾਲ ਭਰੇ ਇਕ ਟੈਂਕ ਦੀ ਸਫ਼ਾਈ ਲਈ ਪਹਿਲੇ ਇਕ ਮਜ਼ਦੂਰ ਉਤਰਿਆ। ਉਸ ਦੀ ਹੱਲਚੱਲ ਨਹੀਂ ਮਿਲਣ ਤੋਂ ਬਾਅਦ ਇਕ-ਇਕ ਕਰ ਕੇ ਚਾਰ ਮਜ਼ਦੂਰ ਹੋਰ ਟੈਂਕ ਵਿੱਚ ਉਤਰ ਗਏ, ਜਿੱਥੇ ਦਮ ਘੁੱਟਣ ਨਾਲ ਸਾਰੇ 5 ਮਜ਼ਦੂਰਾਂ ਦੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਰਾਮ ਅਵਤਾਰ ਗੁੱਜਰ, ਰਾਮ ਨਰੇਸ਼ ਗੁੱਜਰ, ਵੀਰ ਸਿੰਘ ਗੁੱਜਰ ਤਿੰਨੋਂ ਸਕੇ ਭਰਾਵਾਂ ਤੋਂ ਇਲਾਵਾ 2 ਹੋਰ ਮਜ਼ਦੂਰ ਰਾਜੇਸ਼ ਗੁੱਜਰ ਅਤੇ ਗਿਰਰਜ ਗੁੱਜਰ ਵਲੋਂ ਹੋਈ ਹੈ। ਘਟਨਾ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ। ਜ਼ਿਲ੍ਹਾ ਕਲੈਕਟਰ ਅੰਕਿਤ ਅਸਥਾਨਾ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਫੈਕਟਰੀ ਸੀਲ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫੈਕਟਰੀ ਪ੍ਰਬੰਧਨ ਵਲੋਂ ਮ੍ਰਿਤਕਾਂ ਦੇ ਪਰਿਵਾਰ ਨੂੰ ਇਕ-ਇਕ ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇਕ-ਇਕ ਮੈਂਬਰ ਨੂੰ ਨੌਕਰੀ ਦੇਣ ਦੀ ਗੱਲ ਕਹੀ ਹੈ। ਘਟਨਾ ਤੋਂ ਬਾਅਦ ਮੌਕੇ ਤੇ ਸਥਿਤੀ ਤਣਾਅਪੂਰਨ ਹੋ ਗਈ ਸੀ ਪਰ ਬਾਅਦ ਵਿੱਚ ਸਥਿਤੀ ਨੂੰ ਪੁਲੀਸ ਨੇ ਕੰਟਰੋਲ ਵਿੱਚ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।