ਨਵੀਂ ਦਿੱਲੀ, 29 ਅਕਤੂਬਰ – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਦਾ ਕਾਰਜਕਾਲ ਵਧਾ ਦਿੱਤਾ ਗਿਆ ਹੈ। ਸਰਕਾਰ ਨੇ ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਦਾ ਕਾਰਜਕਾਲ ਤਿੰਨ ਸਾਲ ਲਈ ਵਧਾ ਦਿੱਤਾ ਹੈ। ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੰਤਰੀਮੰਡਲ ਦੀ ਨਿਯੁਕਤੀ ਕਮੇਟੀ ਨੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਸ਼ਕਤੀਕਾਂਤ ਦਾਸ ਨੂੰ 10 ਦਸੰਬਰ 2021 ਤੋਂ ਅਗਲੇ ਹੁਕਮਾਂ ਤੱਕ ਤਿੰਨ ਸਾਲਾਂ ਦੀ ਮਿਆਦ ਲਈ ਮੁੜ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਆਰ. ਬੀ. ਆਈ. ਗਵਰਨਰ ਤੋਂ ਪਹਿਲਾਂ ਸ਼ਕਤੀਕਾਂਤ ਦਾਸ ਵਿੱਤ ਮੰਤਰਾਲੇ ਵਿੱਚ ਆਰਥਿਕ ਮਾਮਲਿਆਂ ਦੇ ਸਕੱਤਰ ਸਨ। ਬਾਅਦ ਵਿੱਚ ਉਸਨੂੰ 11 ਦਸੰਬਰ 2018 ਨੂੰ ਤਿੰਨ ਸਾਲਾਂ ਲਈ ਰਿਜ਼ਰਵ ਬੈਂਕ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹ ਵਿੱਤ, ਟੈਕਸ, ਉਦਯੋਗ ਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਅਹਿਮ ਅਹੁਦਿਆਂ ਤੇ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਸ਼ਕਤੀਕਾਂਤ ਦਾਸ ਵਿਸ਼ਵ ਬੈਂਕ, ਏਸ਼ੀਅਨ ਡਿਵੈਲਪਮੈਂਟ ਬੈਂਕ (ਏ. ਡੀ. ਬੀ.), ਨਿਊ ਡਿਵੈਲਪਮੈਂਟ ਬੈਂਕ (ਐਨ. ਡੀ. ਬੀ.) ਅਤੇ ਏਸ਼ੀਅਨ ਬੁਨਿਆਦੀ ਢਾਂਚਾ ਨਿਵੇਸ਼ ਬੈਂਕ (ਏਆਈ. ਆਈ. ਬੀ.) ਵਿੱਚ ਭਾਰਤ ਦੇ ਬਦਲਵੇਂ ਗਵਰਨਰ ਵਜੋਂ ਵੀ ਕੰਮ ਕਰ ਚੁੱਕੇ ਹਨ।