ਚੰਡੀਗੜ੍ਹ 25 ਅਕਤੂਬਰ 2021- ਕੁੱਝ ਦਿਨ ਪਹਿਲਾਂ ਸੀ.ਬੀ.ਐੱਸ.ਈ ਬੋਰਡ ਵੱਲੋਂ 10 ਵੀਂ ਅਤੇ 12 ਵੀਂ ਦੀਆਂ ਪ੍ਰੀਰਖਿਆਵਾਂ ਨੂੰ ਲੈ ਕਿ ਇਹ ਐਲਾਨ ਕੀਤਾ ਸੀ ਕਿ ਪੰਜਾਬੀ ਵਿਸ਼ੇ ਨੂੰ ਮੁੱਖ ਵਿਸ਼ੇ ਚੋਂ ਬਾਹਰ ਕੱਢਿਆ ਗਿਆ ਹੈ ਪਰ ਹਿੰਦੀ ਭਾਸ਼ਾ ਨੂੰ ਮੁੱਖ ਵਿਸ਼ੇ ‘ਚ ਹੀ ਰੱਖਿਆ ਗਿਆ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਅਕਾਲ ਯੂਥ ਦੇ ਮੁੱਖ ਬੁਲਾਰੇ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਕਿਹਾ ਕਿ ਅੱਜ ਅਸੀਂ ਸੀ.ਬੀ.ਐੱਸ.ਈ ਬੋਰਡ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਹੈ ਅਤੇ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਜਸਵਿੰਦਰ ਸਿੰਘ ਨੇ ਸੀ.ਬੀ.ਐੱਸ.ਈ ਬੋਰਡ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਤੁਸੀਂ ਸਿਰਫ ਪੰਜਾਬੀ ਭਾਸ਼ਾ ਦੇ ਹੀ ਹਮਲਾ ਨਹੀਂ ਕੀਤਾ, ਤੁਸੀਂ ਸਾਡੇ ਧਰਮ ਅਤੇ ਸੱਭਿਆਚਾਰ ਅਤੇ ਸਾਡੀ ਹੋਂਦ ਨੂੰ ਖਤਮ ਕਰਨ ਲਈ ਹਮਲਾ ਕੀਤਾ ਹੈ ਜੋ ਕਿ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ, ਜੇਕਰ ਤੁਸੀਂ ਪੰਜਾਬੀ ਭਾਸ਼ਾ ਦੇ ਉੱਤੇ ਕੀਤੇ ਹਮਲੇ ਨੂੰ ਵਾਪਿਸ ਨਾ ਲਿਆ ਤਾਂ ਸਾਡੀ ਜਥੇਬੰਦੀ ਵੱਲੋਂ ਸੀ.ਬੀ.ਐੱਸ.ਈ ਵੱਲੋਂ ਚਲਾਏ ਜਾ ਰਹੇ ਸਕੂਲਾਂ ਦਾ ਵੀ ਵਿਰੋਧ ਕੀਤਾ ਜਾਵੇਗਾ। ਜਸਵਿੰਦਰ ਸਿੰਘ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ਼ ਕਰਦਿਆਂ ਕਿਹਾ ਕਿ ਜੇਕਰ ਸੀ.ਬੀ.ਐੱਸ.ਈ ਬੋਰਡ ਪੰਜਾਬੀ ਭਾਸ਼ਾ ਦੇ ਉੱਤੇ ਪਾਬੰਦੀ ਲਾਉਂਦੀ ਹੈ ਤਾਂ ਪੰਜਾਬ ਸਰਕਾਰ ਨੂੰ ਵੀ ਪੰਜਾਬ ਵਿੱਚ ਸੀ.ਬੀ.ਐੱਸ.ਈ ਬੋਰਡ ਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ।
ਇਸ ਮੌਕੇ ਤੇ ਪੁੱਜੇ ਬਾਪੂ ਗੁਰਚਰਨ ਸਿੰਘ ਅਤੇ ਭਾਈ ਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਉੱਤੇ ਕਾਫੀ ਲੰਮੇ ਸਮੇਂ ਤੋਂ ਹਮਲੇ ਕੀਤੇ ਜਾ ਰਹੇ ਹਨ ਸੀ.ਬੀ.ਐੱਸ.ਈ ਬੋਰਡ ਵੱਲੋਂ ਵੀ ਇੱਕ ਬਹੁਤ ਵੱਡਾ ਹਮਲਾ ਸਾਡੀ ਭਾਸ਼ਾ ਤੇ ਕੀਤਾ ਗਿਆ ਹੈ। ਇਸ ਮੌਕੇ ਤੇ ਵਕੀਲ ਭਾਈ ਦਲਸ਼ੇਰ ਸਿੰਘ, ਵਕੀਲ ਰਮਨਦੀਪ ਸਿੰਘ, ਭਾਈ ਗੁਰਿੰਦਰ ਸਿੰਘ, ਭਾਈ ਪਵਨਦੀਪ ਸਿੰਘ, ਭਾਈ ਬਾਵਾ ਸਿੰਘ, ਭਾਈ ਹਰਚੰਦ ਸਿੰਘ, ਭਾਈ ਇੰਦਰਵੀਰ ਸਿੰਘ, ਭਾਈ ਕਰਮਜੀਤ ਸਿੰਘ, ਭਾਈ ਜਗਤਾਰ ਸਿੰਘ ਅਤੇ ਵੱਡੀ ਗਿਣਤੀ ਚ ਸਿੱਖ ਨੌਜਵਾਨ ਹਾਜ਼ਰ ਸਨ।