ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਬੋਰਿਸ ਜੌਹਨਸਨ ਵਿਚਾਲੇ ਅੱਜ ਹੋਏ ਸਿਖਰ ਸੰਮੇਲਨ ’ਚ ਦੋਵਾਂ ਮੁਲਕਾਂ ਦੇ ਸਬੰਧਾਂ ਨੂੰ ਵੱਡੀ ਰਣਨੀਤਕ ਭਾਈਵਾਲੀ ਵੱਲ ਲਿਜਾਣ ਲਈ ‘ਰੋਡਮੈਪ-2030’ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਇਹ ਰੋਡਮੈਪ ਲੋਕਾਂ ਵਿਚਾਲੇ ਸੰਪਰਕ, ਵਪਾਰ ਤੇ ਅਰਥਚਾਰੇ, ਰੱਖਿਆ ਤੇ ਸੁਰੱਖਿਆ, ਜਲਵਾਯੂ ਤੇ ਸਿਹਤ ਵਰਗੇ ਅਹਿਮ ਖੇਤਰਾਂ ’ਚ ਅਗਲੇ 10 ਸਾਲਾਂ ਤੱਕ ਮਜ਼ਬੂਤ ਵਟਾਂਦਰੇ ਦਾ ਰਾਹ ਸਾਫ਼ ਕਰੇਗਾ। ਦੋਵਾਂ ਆਗੂਆਂ ਨੇ ਕੋਵਿਡ19 ਦੀ ਤਾਜ਼ਾ ਸਥਿਤੀ ਦੇ ਨਾਲ ਹੀ ਇਸ ਮਹਾਮਾਰੀ ਖ਼ਿਲਾਫ਼ ਲੜਾਈ ’ਚ ਜਾਰੀ ਸਹਿਯੋਗ ਤੇ ਟੀਕੇ ਨੂੰ ਲੈ ਕੇ ਸਫ਼ਲ ਭਾਈਵਾਲੀ ’ਤੇ ਵੀ ਚਰਚਾ ਕੀਤੀ। ਮੰਤਰਾਲੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਜੌਹਨਸਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸੂਚਿਤ ਕੀਤਾ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਬਰਤਾਨੀਆ ’ਚ ਨਿਵੇਸ਼ ਕਰ ਰਿਹਾ ਹੈ ਅਤੇ ਉਹ ਬਰਤਾਨੀਆ ’ਚ ਟੀਕਾ ਬਣਾਏਗਾ।