ਫਿਰੋਜ਼ਪੁਰ 13 ਅਕਤੂਬਰ 2021- ਪੰਜਾਬ ਦੇ ਸਮੁੱਚੇ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਰਕਾਰੀ ਦਫਤਰਾਂ ਵਿਚ ਸਾਰਾ ਕੰਮ ਕਾਜ ਪਿਛਲੇ ਛੇ ਦਿਨਾਂ ਤੋਂ ਪੂਰੀ ਤਰ੍ਹਾਂ ਠੱਪ ਪਿਆ ਹੈ । ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਨੋਹਰ ਲਾਲ ਨੇ ਕਿਹਾ ਕਿ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਕਲੈਰੀਕਲ ਕਾਮਿਆਂ ਦੀਆਂ ਮੰਗਾਂ ਦੇ ਹੱਕ ਵਿਚ ਕੀਤੀ ਗਈ ਕਲਮ ਛੋੜ ਹੜਤਾਲ ਅੱਜ ਛੇਵੇ ਦਿਨਾਂ ਵਿਚ ਦਾਖਲ ਹੋ ਗਈ ਹੈ । ਅੱਜ ਛੇਵੇ ਦਿਨ ਵੀ ਜ਼ਿਲ੍ਹਾ ਫਿਰੋਜ਼ਪੁਰ ਦੇ ਸਾਰੇ ਸਰਕਾਰੀ ਦਫਤਰਾਂ ਦਾ ਕੰਮ ਕਾਜ ਠੱਪ ਰਿਹਾ ਅਤੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਰੀ ਦਿਹਾੜੀ ਮੁਲਾਜ਼ਮਾਂ ਦੇ ਨਾਹਰਿਆਂ ਨਾਲ ਗੂੰਜਦਾ ਰਿਹਾ । ਦਫਤਰੀ ਅਮਲੇ ਵੱਲੋ ਵੱਖ ਵੱਖ ਵਿਭਾਗਾਂ ਦੇ ਦਫਤਰਾਂ ਮੂਹਰੇ ਭਰਵੇ ਰੋਸ ਮੁਜ਼ਾਹਰੇ ਕਰਕੇ ਜ਼ਬਰਦਸਤ ਨਾਹਰੇਬਾਜ਼ੀ ਕੀਤੀ ਗਈ ।
ਕਮਿਸ਼ਨਰ ਦਫਤਰ ਫਿਰੋਜ਼ਪੁਰ, ਪਬਲਿਕ ਹੈਲਥ, ਸਹਿਕਾਰਤਾ ਵਿਭਾਗ ਅਤੇ ਹੋਰ ਵਿਭਾਗਾਂ ਦੇ ਦਫਤਰਾਂ ਵਿਚ ਮੁਲਾਜ਼ਮਾਂ ਦੇ ਭਰਵੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਨੋਹਰ ਲਾਲ, ਪਿੱਪਲ ਸਿੰਘ ਸਿੱਧੂ ਜ਼ਿਲ੍ਹਾ ਜਨਰਲ ਸਕੱਤਰ, ਪ੍ਰਦੀਪ ਵਿਨਾਇਕ ਸੂਬਾ ਜਨਰਲ ਸਕੱਤਰ ਭੂਮੀ ਰੱਖਿਆ ਵਿਭਾਗ, ਜਗਸੀਰ ਸਿੰਘ ਢਿੱਲੋ ਸੂਬਾ ਵਿੱਤ ਸਕੱਤਰ ਮਨਿਸਟੀਰੀਅਲ ਸਟਾਫ ਬੀ ਐਂਡ ਆਰ., ਓਮ ਪ੍ਰਕਾਸ਼ ਰਾਣਾ ਪ੍ਰਧਾਨ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਮਹਿਤਾਬ ਸਿੰਘ ਡੀ.ਸੀ. ਦਫਤਰ, ਸੋਨੂੰ ਕਸ਼ਅਪ ਜ਼ਿਲ੍ਹਾ ਜਨਰਲ ਸਕੱਤਰ ਸੀ.ਪੀ.ਐਫ. ਕਰਮਚਾਰੀ ਯੂਨੀਅਨ, ਵਰੁਣ ਕੁਮਾਰ ਪ੍ਰਧਾਨ ਮਨਿਸਟੀਰੀਅਲ ਸਟਾਫ ਸਿੱਖਿਆ ਵਿਭਾਗ, ਅਸ਼ੋਕ ਕੁਮਾਰ ਪ੍ਰਧਾਨ ਕਮਿਸ਼ਨਰ ਦਫਤਰ, ਜਸਮੀਤ ਸਿੰਘ ਸੈਡੀ ਪ੍ਰਧਾਨ ਜਲ ਸਰੋਤ ਵਿਭਾਗ, ਗੁਰਪ੍ਰੀਤ ਸਿੰਘ ਸੋਢੀ ਪ੍ਰਧਾਨ ਐਕਸਾਈਜ਼ ਵਿਭਾਗ, ਵਿਕਰਮਜੀਤ ਸਿੰਘ ਐਕਸਾਈਜ਼ ਵਿਭਾਗ, ਗੁਰਪ੍ਰੀਤ ਸਿੰਘ ਸੀ.ਪੀ.ਐਫ. ਪ੍ਰਧਾਨ ਜਲ ਸਰੋਤ ਵਿਭਾਗ, ਗੁਰਤੇਜ ਸਿੰਘ ਤੇ ਸੰਜੀਵ ਕੁਮਾਰ ਪੰਜਾਬ ਰੋਡਵੇਜ, ਮੈਡਮ ਵੀਰਪਾਲ ਕੌਰ, ਗੋਵਿੰਦ ਮੁਟਨੇਜਾ ਖੁਰਾਕ ਤੇ ਸਪਲਾਈ ਵਿਭਾਗ, ਅਮਨਦੀਪ ਸਿੰਘ ਪ੍ਰਧਾਨ ਖਜ਼ਾਨਾ ਵਿਭਾਗ ਵਿਪਨ ਕੁਮਾਰ ਜਨਰਲ ਸਕੱਤਰ ਹੈਲਥ ਵਿਭਾਗ ਆਦਿ ਨੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁਲਾਜ਼ਮ ਵਿਰੋਧੀ ਵਤੀਰੇ ਦੀ ਸਖਤ ਸ਼ਬਦਾਂ ਵਿਚ ਨਿਖੇਦੀ ਕੀਤੀ । ਮੁਲਾਜ਼ਮ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਮੁਲਾਜ਼ਮਾਂ ਨੂੰ ਲਾਰੇ ਲੱਪੇ ਲਾ ਕੇ ਡੰਗ ਟਪਾ ਰਹੀ ਹੈ ਜਿਸ ਕਾਰਨ ਸੂਬੇ ਦੀ ਸਮੁੱਚੇ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਉਕਤ ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਦੀ ਪੂਰਤੀ ਜਲਦੀ ਨਾ ਕੀਤੀ ਗਈ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ, ਜਿਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ।