ਲੁਧਿਆਣਾ, 13 ਅਕਤੂਬਰ, 2021:-.ਕੇਂਦਰ ਸਰਕਾਰ ਵੱਲੋਂ ਜੀ ਐੱਸ ਟੀ ਦਰਾਂ ਦੇ ਵਿੱਚ ਵੱਡੀ ਤਬਦੀਲੀ ਕਰਦਿਆਂ ਰੈਡੀਮੇਡ ਗਾਰਮੈਂਟਸ ਤੇ ਹੁਣ 5 ਫ਼ੀਸਦੀ ਜੀ ਐੱਸ ਟੀ ਦੀ ਥਾਂ 12 ਫ਼ੀਸਦੀ ਜੀ ਐੱਸ ਟੀ ਕਰ ਦਿੱਤਾ ਗਿਆ ਹੈ .
ਨਵੀਆਂ ਟੈਕਸ ਦਰਾਂ ਜਨਵਰੀ 1 ਤੋਂ ਲਾਗੂ ਹੋ ਜਾਣਗੀਆਂ .
ਨਵੀਆਂ ਦਰਾਂ ਲਾਗੂ ਹੋਣ ਤੋਂ ਪਹਿਲਾਂ ਹੀ ਲੁਧਿਆਣਾ ਦੇ ਰੈਡੀਮੇਡ ਵਪਾਰੀਆਂ ਅਤੇ ਮੈਨੂਫੈਕਚਰਜ਼ ਦੇ ਵਿੱਚ ਹਾਹਾਕਾਰ ਮੱਚ ਗਈ ਹੈ.
ਵਪਾਰੀਆਂ ਨੇ ਕਿਹਾ ਕਿ ਸਰਕਾਰ ਇੰਡਸਟਰੀ ਬੰਦ ਕਰਵਾਉਣਾ ਚਾਹੁੰਦੀ ਹੈ ਜਿਸ ਕਰਕੇ ਅਜਿਹੇ ਮਾਰੂ ਫ਼ੈਸਲੇ ਕਰ ਰਹੀ ਹੈ..
ਪਹਿਲਾਂ ਕਿੰਨਾ ਤੇ ਹੁਣ ਕਿੰਨਾ ਹੋਇਆ ਜੀ ਐੱਸ ਟੀ
ਕੇਂਦਰ ਸਰਕਾਰ ਨੇ ਰੈਡੀਮੇਡ ਗਾਰਮੈਂਟਸ ਤੇ 7 ਫ਼ੀਸਦੀ ਜੀ ਐੱਸ ਟੀ ਵਧਾ ਦਿੱਤਾ ਹੈ ਜਿਸ ਕਰਕੇ 12 ਫ਼ੀਸਦੀ ਹੁਣ ਰੈਡੀਮੇਡ ਗਾਰਮੈਂਟਸ ਤੇ ਜੀ ਐੱਸ ਟੀ ਲੱਗੇਗਾ ਹਾਲਾਂਕਿ ਰੈਡੀਮੇਡ ਗਾਰਮੈਂਟਸ ਪਹਿਲਾਂ ਟੈਕਸ ਅਤੇ ਵੈਟ ਮੁਕਤ ਸੀ . ਰੈਡੀਮੇਡ ਗਾਰਮੈਂਟਸ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਟੈਕਸ ਨਹੀਂ ਲੱਗਦਾ ਸੀ ਜਿਸ ਦਾ ਵੱਡਾ ਕਾਰਨ ਇਸ ਦਾ ਸਿੱਧਾ ਅਸਰ ਆਮ ਲੋਕਾਂ ਤੇ ਹੋਣਾ ਸੀ ਪਰ ਕੇਂਦਰ ਸਰਕਾਰ ਵੱਲੋਂ ਇੱਕ ਦੇਸ਼ ਇੱਕ ਟੈਕਸ ਸਕੀਮ ਲਾਗੂ ਕਰਕੇ ਜਦੋਂ ਜੀ ਐੱਸ ਟੀ ਲਿਆਂਦਾ ਗਿਆ ਤਾਂ ਰੈਡੀਮੇਡ ਗਾਰਮੈਂਟਸ ਨੂੰ ਸਭ ਤੋਂ ਘੱਟ ਜੀ ਐੱਸ ਟੀ ਸਲੀਬ ਯਾਨੀ 5 ਫ਼ੀਸਦੀ ਦੇ ਵਿੱਚ ਰੱਖਿਆ ਗਿਆ ਪਰ ਹੁਣ ਇਸ ਵਿੱਚ ਵਾਧਾ ਕਰਕੇ 12 ਫ਼ੀਸਦੀ ਕਰ ਦਿੱਤਾ ਗਿਆ ਹੈ . ਪੰਜਾਬ ਵਪਾਰ ਮੰਡਲ ਦੇ ਲੁਧਿਆਣਾ ਤੋਂ ਪ੍ਰਧਾਨ ਹਰਵਿੰਦਰ ਮੱਕੜ ਨੇ ਕਿਹਾ ਕਿ ਇਸ ਨਾਲ ਦੁਕਾਨਦਾਰਾਂ ਅਤੇ ਨਿਰਮਾਤਾਵਾਂ ਦੋਨਾਂ ਤੇ ਅਸਰ ਪਵੇਗਾ।
ਕਿੰਨਾ ਹੋਵੇਗਾ ਨੁਕਸਾਨ
ਰੈਡੀਮੇਡ ਕੱਪੜੇ ਤੇ ਵਧਾਏ ਟੈਕਸ ਕਾਰਨ ਸਿੱਧੇ ਅਤੇ ਅਸਿੱਧੇ ਤੋਰ ਤੇ ਲੁਧਿਆਣਾ ਦੀ ਇੰਡਸਟਰੀ ਨੂੰ ਨੁਕਸਾਨ ਹੋਵੇਗਾ .
ਲੁਧਿਆਣਾ ਨਿਰਵੈਰ ਅਤੇ ਟੈਕਸਟਾਈਲ ਕਲੱਬ ਦੇ ਮੁਖੀ ਵਿਨੋਦ ਥਾਪਰ ਦਾ ਕਹਿਣਾ ਹੈ ਕਿ ਇਹ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਸੀਜ਼ਨ ਦਾ ਮਾਲ ਪਹਿਲਾਂ ਹੀ ਬੁੱਕ ਹੋ ਜਾਂਦਾ ਹੈ ਅਜਿਹੇ ਚ ਜੇਕਰ ਸਰਕਾਰ ਹੁਣ ਜਿਨਸੀ ਦਰਾਂ ਵਿੱਚ ਵਾਧਾ ਕਰਦੀ ਹੈ ਤਾਂ ਇਸ ਦਾ ਸਿੱਧਾ ਨੁਕਸਾਨ ਲੁਧਿਆਣਾ ਹੌਜ਼ਰੀ ਇੰਡਸਟਰੀ ਨੂੰ ਹੋਵੇਗਾ ਕਿਉਂਕਿ ਮਾਲ ਪਹਿਲੀਆਂ ਕੀਮਤਾਂ ਤੇ ਬਣ ਕੇ ਤਿਆਰ ਹੈ ਅਤੇ ਹੁਣ ਕੀਮਤਾਂ ਵਧ ਗਈਆਂ ਨੇ . ਅਜਿਹੇ ਚ ਵਪਾਰੀਆਂ ਨੂੰ ਨੁਕਸਾਨ ਹੋਵੇਗਾ ਕਿਉਂਕਿ ਕਲਾਈਂਟ ਸ਼ਾਇਦ ਹੀ ਉਨ੍ਹਾਂ ਦੇ ਪੈਸੇ ਪੂਰੇ ਦੇਵੇ ਉਨ੍ਹਾਂ ਕਿਹਾ ਕਿ ਜੇਕਰ ਸਿਰਫ਼ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਪੰਜ ਤੋਂ ਦੱਸ ਕਰੋੜ ਰੁਪਏ ਦਾ ਸਿੱਧੇ ਤੌਰ ਤੇ ਨੁਕਸਾਨ ਹੈ ਉਨ੍ਹਾਂ ਕਿਹਾ ਕਿ ਇਸ ਦਾ ਜ਼ਿਆਦਾ ਨੁਕਸਾਨ ਛੋਟੇ ਵਪਾਰੀਆਂ ਨੂੰ ਹੋਵੇਗਾ ਉਨ੍ਹਾਂ ਇਹ ਵੀ ਕਿਹਾ ਕਿ ਬਰਾਂਡਿਡ ਕੱਪੜੇ ਬਣਾਉਣ ਵਾਲਿਆਂ ਤੇ ਇਸ ਦਾ ਕੋਈ ਬਹੁਤਾ ਪ੍ਰਭਾਵ ਨਹੀਂ ਪਵੇਗਾ
ਜੀ ਐੱਸ ਟੀ ਕੌਂਸਲ ਮੈਂਬਰ ਨੂੰ ਮਿਲਣਗੇ ਕਾਰੋਬਾਰੀ
ਪੰਜਾਬ ਦੇ ਖ਼ਜ਼ਾਨਾ ਮੰਤਰੀ ਅਤੇ ਜੀ ਐੱਸ ਟੀ ਕੌਂਸਲ ਦੇ ਮੈਂਬਰ ਮਨਪ੍ਰੀਤ ਬਾਦਲ ਲੁਧਿਆਣਾ ਫੇਰੀ ਤੇ ਨੇ ਲੁਧਿਆਣਾ ਦੇ ਵਪਾਰੀ ਮਨਪ੍ਰੀਤ ਬਾਦਲ ਨੂੰ ਮਿਲਣਗੇ .ਇਸ ਤੋਂ ਇਲਾਵਾ ਮਾਈਕਰੋ ਸਮਾਲ ਅਤੇ ਮੀਡੀਅਮ ਇੰਡਸਟਰੀ ਦੇ ਪੰਜਾਬ ਦੇ ਚੇਅਰਮੈਨ ਅਮਰਜੀਤ ਟਿੱਕਾ ਨਾਲ ਗੱਲਬਾਤ ਕੀਤੀ ਗਈ ਦੋਵਾਂ ਨੇ ਕੇਂਦਰ ਸਰਕਾਰ ਦੇ ਫ਼ੈਸਲੇ ਦੀ ਸਖ਼ਤ ਸ਼ਬਦਾਂ ਚ ਨਿੰਦਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਲੁਧਿਆਣਾ ਦੀ ਇੰਡਸਟਰੀ ਨੂੰ ਬਰਬਾਦ ਕਰਨ ਵਾਲਾ ਹੈ. ਉਨ੍ਹਾਂ ਨੇ ਕਿਹਾ ਕਿ ਇਸ ਨਾਲ ਇੰਡਸਟਰੀ ਬਰਬਾਦ ਹੋ ਜਾਵੇਗੀ . ਅਜਿਹੇ ਮਾਰੂ ਫ਼ੈਸਲਿਆਂ ਨਾਲ ਵਪਾਰੀਆਂ ਦਾ ਨੁਕਸਾਨ ਹੋਵੇਗਾ ਕਿਉਂਕਿ ਪਹਿਲਾਂ ਹੀ ਵਪਾਰੀ ਨੋਟਬੰਦੀ ,ਜੀ ਐੱਸ ਟੀ ਅਤੇ ਫਿਰ ਕੋਰੋਨਾ ਮਹਾਂਮਾਰੀ ਦੀ ਮਾਰ ਝੱਲਦਾ ਆ ਰਿਹਾ ਹੈ. ਉਨ੍ਹਾਂ ਕਿਹਾ ਕਿ ਉਹ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨਾਲ ਮੁਲਾਕਾਤ ਕਰਕੇ ਇਹ ਮੁੱਦਾ ਚੁੱਕਣਗੇ ਅਤੇ ਇਸ ਨੂੰ ਹੱਲ ਕਰਵਾਉਣ ਦੀ ਅਪੀਲ ਕਰਨਗੇ