October 12, 2021 ਨਵੀਂ ਦਿੱਲੀ, 12 ਅਕਤੂਬਰ ਅੱਤਵਾਦੀ ਹਮਲੇ ਦੀ ਵੱਡੀ ਸਾਜ਼ਿਸ਼ ਰਚ ਰਹੇ ਪਾਕਿਸਤਾਨੀ ਅੱਤਵਾਦੀ ਨੂੰ ਦਿੱਲੀ ਪੁਲੀਸ ਦੀ ਸਪੈਸ਼ਲ ਸੈਲ ਨੇ ਲਕਸ਼ਮੀਨਗਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਹਿਚਾਣ ਮੁਹੰਮਦ ਅਸ਼ਰਫ ਉਰਫ਼ ਅਲੀ ਦੇ ਰੂਪ ਵਿੱਚ ਕੀਤੀ ਗਈ ਹੈ। ਉਹ ਪਾਕਿਸਤਾਨ ਦੇ ਪੰਜਾਬ ਸੂਬੇ ਦਾ ਰਹਿਣ ਵਾਲਾ ਹੈ। ਮੁਹੰਮਦ ਅਸ਼ਰਫ ਅੱਤਵਾਦੀਆਂ ਦੇ ਇਸ਼ਾਰੇ ਤੇ ਭਾਰਤ ਵਿੱਚ ਕੰਮ ਕਰ ਰਿਹਾ ਸੀ। ਉਹ ਦੀਵਾਲੀ ਅਤੇ ਆਗਾਮੀ ਤਿਉਹਾਰਾਂ ਦੇ ਆਲੇ-ਦੁਆਲੇ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ।
ਦਿੱਲੀ ਪੁਲੀਸ ਦੀ ਸਪੈਸ਼ਲ ਸੈਲ ਨੇ ਉਸ ਦੇ ਕਬਜ਼ੇ ਵਿੱਚੋਂ ਏਕੇ-47 ਰਾਈਫ਼ਲ ਨਾਲ 2 ਮੈਗਜੀਨ, 60 ਰਾਊਂਡ, 1 ਹੈਂਡਗ੍ਰਨੇਡ, 2 ਪਿਸਟਲ, 50 ਰਾਊਂਡ ਕਾਰਤੂਸ ਬਰਾਮਦ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅਸ਼ਰਫ ਨੇਪਾਲ ਦੇ ਰਸਤਿਓਂ ਭਾਰਤ ਵਿੱਚ ਦਾਖ਼ਲ ਹੋਇਆ ਸੀ। ਦਿੱਲੀ ਵਿੱਚ ਰਹਿ ਕੇ ਕਿਸੇ ਵੱਡੀ ਸਾਜ਼ਿਸ਼ ਨੂੰ ਅੰਜ਼ਾਮ ਦੇਣ ਦੀ ਤਿਆਰੀ ਵਿੱਚ ਸੀ। ਫ਼ਿਲਹਾਲ ਪੂਰੀ ਸਾਜ਼ਿਸ਼ ਨੂੰ ਲੈ ਕੇ ਸਪੈਸ਼ਲ ਸੈਲ ਦੀ ਟੀਮ ਅੱਤਵਾਦੀ ਤੋਂ ਪੁੱਛ-ਗਿੱਛ ਕਰ ਰਹੀ ਹੈ।
ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਤੇ ਗੈਰ-ਕਾਨੂੰਨੀ ਰੋਕਥਾਮ ਐਕਟ, ਵਿਸਫੋਟਕ ਐਕਟ, ਆਰਮਜ਼ ਐਕਟ ਅਤੇ ਹੋਰ ਵਿਵਸਥਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਹ ਦਿੱਲੀ ਦੇ ਲਕਸ਼ਮੀਨਗਰ ਇਲਾਕੇ ਵਿੱਚ ਰਹਿ ਰਿਹਾ ਸੀ। ਪੁਲੀਸ ਨੇ ਜਦੋਂ ਉਸ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੀ ਘਰ ਦੀ ਤਲਾਸ਼ੀ ਲਈ ਤਾਂ ਉੱਥੋਂ ਕਈ ਤਰ੍ਹਾਂ ਦੇ ਹਥਿਆਰ ਬਰਾਮਦ ਹੋਏ ਹਨ।