ਚੰਡੀਗੜ੍ਹ, 8 ਅਕਤੂਬਰ, 2021 : ਕਿਸਾਨੀ ਧਰਨਿਆਂ ਦੇ 373ਵੇਂ ਦਿਨ ਸੰਯੁਕਤ ਕਿਸਾਨ ਮੋਰਚਾ ਦੇ ਬੁਲਾਰਿਆਂ ਨੇ ਅੱਜ ਪੰਜਾਬ ਦੀਆਂ ਮੰਡੀਆਂ ਵਿੱਚ ਝੋਨਾ ਵੇਚਣ ਲਈ ਕਿਸਾਨਾਂ ਨੂੰ ਹੋ ਰਹੀ ਪ੍ਰੇਸ਼ਾਨੀ ਦਾ ਗੰਭੀਰ ਨੋਟਿਸ ਲਿਆ ਅਤੇ ਸਰਕਾਰ ਨੂੰ ਇਹ ਬਦ-ਇੰਤਜਾਮੀਆਂ ਤੁਰੰਤ ਦੂਰ ਕਰਨ ਲਈ ਕਿਹਾ।
ਕਿਸਾਨ ਆਗੂਆਂ ਨੇ ਕਿਹਾ ਕਿ ਕਈ ਮੰਡੀਆਂ ਵਿੱਚ ਬਾਰਦਾਨੇ ਦੀ ਕਮੀ ਕਾਰਨ ਪ੍ਰੇਸ਼ਾਨੀ ਹੋ ਰਹੀ ਹੈ ਅਤੇ ਕਈ ਮੰਡੀਆਂ ਵਿੱਚ ਅਵਾਰਾ ਪਸ਼ੂਆਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਰੱਖੀਆਂ ਹਨ। ਇਸ ਤੋਂ ਇਲਾਵਾ ਜਿਆਦਾਤਰ ਮੰਡੀਆਂ ‘ਚ ਫਸਲ ਨੂੰ ਮੀਂਹ ਤੋਂ ਬਚਾਉਣ ਦੇ ਇੰਤਜਾਮਾਂ, ਸਾਫ-ਸਫਾਈ, ਪੀਣ ਵਾਲਾ ਸਾਫ ਪਾਣੀ ਆਦਿ ਇੰਤਜਾਮਾਂ ਦੀ ਵੱਡੀ ਘਾਟ ਪਾਈ ਜਾ ਰਹੀ ਹੈ। ਪੰਜਾਬ ਦੀ ਸੱਤਾਧਾਰੀ ਸਿਆਸੀ ਪਾਰਟੀ ਨੂੰ ਆਪਣੇ ਹੀ ਕੁਰਸੀ-ਖੇਡ ਤੋਂ ਫੁਰਸਤ ਨਹੀਂ ਅਤੇ ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਹੈ। ਸਰਕਾਰ ਇਹ ਸਾਰੀਆਂ ਬਦ-ਇੰਤਜਾਮੀਆਂ ਨੂੰ ਤੁਰੰਤ ਦੂਰ ਕਰੇ।
ਸੰਯੁਕਤ ਕਿਸਾਨ ਮੋਰਚਾ ਦੇ ਬੁਲਾਰਿਆਂ ਨੇ ਕੱਲ੍ਹ ਨਰੈਣਗੜ੍ਹ (ਹਰਿਆਣਾ) ਵਿੱਚ ਬੀਜੇਪੀ ਨੇਤਾ ਨਾਇਬ ਸਿੰਘ ਸ਼ੈਣੀ ਦੇ ਮੋਟਰ ਕਾਫਲੇ ਵੱਲੋਂ ਇੱਕ ਹੋਰ ਲਖੀਮਪੁਰ ਖੀਰੀ ਕਾਂਡ ਰਚਾਉਣ ਦੀ ਕੋਝੀ ਕੋਸ਼ਿਸ਼ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ। ਬੀਜੇਪੀ ਨੇਤਾ ਦੇ ਕਾਫਲੇ ਨੇ ਉਥੇ ਅੱਧੀ ਦਰਜਨ ਦੇ ਕਰੀਬ ਕਿਸਾਨ ਜਖਮੀ ਕਰ ਦਿੱਤੇ ਜਿਨ੍ਹਾਂ ‘ਚੋਂ ਕੁੱਝ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ।
ਆਗੂਆਂ ਨੇ ਕਿਹਾ ਕਿ ਜਾਪਦਾ ਹੈ ਕਿ ਬੌਖਲਾਈ ਹੋਈ ਬੀਜੇਪੀ ਨੇ ਕਿਸਾਨਾਂ ਵਿਰੁੱਧ ਇਹ ਇੱਕ ਨਵੀਂ ਤਰ੍ਹਾਂ ਦਾ ਪੈਂਤੜਾ ਅਪਣਾ ਲਿਆ ਹੈ। ਸ਼ਾਤਮਈ ਢੰਗ ਨਾਲ ਕਾਲੇ ਝੰਡੇ ਦਿਖਾ ਕੇ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗੱਡੀਆਂ ਹੇਠ ਦਰੜ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਇਨ੍ਹਾਂ ਹਮਲਿਆਂ ਤੋਂ ਡਰਨ ਵਾਲੇ ਨਹੀਂ ਅਤੇ ਆਪਣੇ ਅੰਦੋਲਨ ਨੂੰ ਹੋਰ ਮਜ਼ਬੂਤ ਕਰਦੇ ਹੋਏ ਅੱਗੇ ਹੀ ਅੱਗੇ ਵਧਦੇ ਜਾਣਗੇ।
ਬੁਲਾਰਿਆਂ ਨੇ ਅੱਜ ਲਖੀਮਪੁਰ-ਖੀਰੀ ਦੇ ਦੁਖਦਾਈ ਕਾਂਡ ਨੂੰ ਸਹੀ ਪਰਿਪੇਖ ਵਿੱਚ ਸਮਝਣ ‘ਤੇ ਜ਼ੋਰ ਦਿੱਤਾ। ਆਗੂਆਂ ਨੇ ਕਿਹਾ ਕਿ ਸਾਡੇ ਤਕਰੀਬਨ ਇੱਕ ਸਾਲ ਪੁਰਾਣੇ ਅੰਦੋਲਨ ਦਾ ਇਹ ਇਹ ਅਹਿਮ ਪੜਾਅ ਹੈ ਜਿੱਥੇ ਕਿਸਾਨ ਅੰਦੋਲਨ ਪ੍ਰਤੀ ਸਰਕਾਰ ਦੀ ਸਿਫਤੀ ਤੌਰ ‘ਤੇ ਇੱਕ ਵੱਖਰੀ ਤਰ੍ਹਾਂ ਦੀ ਪਹੁੰਚ ਦੇਖਣ ਨੂੰ ਮਿਲ ਰਹੀ ਹੈ।
ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਲੱਗਦਾ ਹੈ ਕਿ ਬੌਖਲਾਈ ਸਰਕਾਰ ਨੇ ਹੁਣ ਕਿਸਾਨਾਂ ‘ਤੇ ਸਿੱਧੇ ਤੇ ਹਿੰਸਕ ਹਮਲਿਆਂ ਦਾ ਰਾਹ ਅਪਣਾ ਲਿਆ ਹੈ। ਸਾਨੂੰ ਇਸ ਨਵੇਂ ਵਰਤਾਰੇ ਤੋਂ ਸਹੀ ਸਬਕ ਲੈਣੇ ਪੈਣਗੇ ਅਤੇ ਆਪਣੀ ਪਹੁੰਚ ਵਿੱਚ ਵੀ ਢੁੱਕਵੀਆਂ ਤਬਦੀਲੀਆਂ ਕਰਨੀਆਂ ਪੈਣਗੀਆਂ। ਅਸੀਂ ਡਰਨ ਵਾਲੇ ਨਹੀਂ ਅਤੇ ਇਨ੍ਹਾਂ ਨਵੀਆਂ ਚੁਣੌਤੀਆਂ ਨੂੰ ਕਬੂਲਦੇ ਹੋਏ ਅਸੀਂ ਅੱਗੇ ਹੀ ਅੱਗੇ ਵੱਧਦੇ ਜਾਵਾਂਗੇ।