ਸਰੀ, 7 ਅਕਤੂਬਰ 2021-ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਵੱਲੋਂ ਬੀਤੇ ਦਿਨ ਸਰੀ ਵਿਚ ਕੀਤੀ ਗਈ ਮਹੀਨਾਵਾਰ ਮੀਟਿੰਗ ਦੌਰਾਨ ਪਾਸ ਕੀਤੇ ਇਕ ਮਤੇ ਰਾਹੀਂ ਲਖੀਮਪੁਰ (ਯੂ ਪੀ) ਵਿਚ ਹੋਏ ਪੱਤਰਕਾਰ ਰਮਨ ਕਸ਼ਿਅਪ ਦੇ ਕਤਲ ਅਤੇ ਹਿੰਸਾ ਵਿਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਇਜ਼ਹਾਰ ਕਰਦਿਆਂ ਇਸ ਘਟਨਾ ਦੀ ਸਖਤ ਨਿਖੇਧੀ ਕੀਤੀ ਗਈ।
ਇਹ ਜਾਣਕਾਰੀ ਦਿੰਦਿਆਂ ਪ੍ਰੈਸ ਕਲੱਬ ਦੇ ਸਕੱਤਰ ਗੁਰਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਹੈ ਕਿ ਇਸ ਮੌਕੇ ‘ਤੇ ਕੈਨੇਡਾ ਦੀ ਫੈਡਰਲ ਸਰਕਾਰ ਅਤੇ ਸੂਬਾਈ ਸਰਕਾਰਾਂ ਵੱਲੋਂ ਅਜਿਹੇ ਜਬਰ ਖ਼ਿਲਾਫ਼ ਖ਼ਾਮੋਸ਼ੀ ਧਾਰਨ ਕੀਤੇ ਜਾਣ ਦੀ ਵੀ ਨਿਖੇਧੀ ਕੀਤੀ ਗਈ। ਪ੍ਰੈੱਸ ਕਲੱਬ ਦੀ ਇਕੱਤਰਤਾ ਵਿਚ ਪੱਤਰਕਾਰ ਅਤੇ ਕਿਸਾਨ ਮ੍ਰਿਤਕਾਂ ਨੂੰ ਯਾਦ ਕਰਦਿਆਂ ਇਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਇਕ ਹੋਰ ਮਤੇ ਰਾਹੀਂ ਦਲੇਰ, ਬੇਬਾਕ ਪੱਤਰਕਾਰਾ ਅਤੇ ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਗੌਰੀ ਲੰਕੇਸ਼ ਦੀ ਯਾਦ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਬਰਨਬੀ ਦੀ ਸਿਟੀ ਕੌਂਸਲ ਵੱਲੋਂ ਐਲਾਨਨਾਮਾ ਜਾਰੀ ਕਰਨ ਅਤੇ ਉਸ ਨੇ ਨਾਂ ‘ਤੇ ‘ਗੌਰੀ ਲੰਕੇਸ਼ ਦਿਹਾੜਾ’ ਐਲਾਨੇ ਜਾਣ ‘ਤੇ ਵੀ ਪੰਜਾਬੀ ਪ੍ਰੈੱਸ ਕਲੱਬ ਬੀਸੀ ਵੱਲੋਂ ਧੰਨਵਾਦ ਕੀਤਾ ਗਿਆ।
ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਕੈਨੇਡਾ ਵੱਲੋਂ ਸੰਸਾਰ ਪੱਧਰ ‘ਤੇ ਪੱਤਰਕਾਰਾਂ ਦੀ ਆਜ਼ਾਦੀ ‘ਤੇ ਹੋ ਰਹੇ ਹਮਲਿਆਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।