ਲੁਧਿਆਣਾ, 04 ਅਕਤੂਬਰ 2021-.ਯੂਪੀ ਦੇ ਲਖੀਮਪੁਰ ਖੀਰੀ ਹਾਦਸੇ ਤੋਂ ਬਾਅਦ ਇਕ ਪਾਸੇ ਜਿੱਥੇ ਸਿਆਸਤ ਲਗਾਤਾਰ ਗਰਮਾਉਂਦੀ ਜਾ ਰਹੀ ਹੈ, ਉੱਥੇ ਦੂਜੇ ਪਾਸੇ ਕਿਸਾਨਾਂ ਵੱਲੋਂ ਵੀ ਇਸ ਦਾ ਵਿਰੋਧ ਜਤਾਇਆ ਜਾ ਰਿਹਾ ਹੈ, ਹਾਲਾਂਕਿ ਪ੍ਰਸ਼ਾਸਨ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਕਿਸਾਨਾਂ ਨੇ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ ਅਤੇ ਇਸ ਪੂਰੀ ਘਟਨਾ ਨੂੰ ਲੈ ਕੇ ਵਿਰੋਧ ਜਤਾਇਆ ਹੈ । ਪੰਜਾਬ ਭਰ ਦੇ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਜ਼ਿਲ੍ਹਾ ਡੀਸੀ ਦਫਤਰਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ ਇਸੇ ਦੇ ਤਹਿਤ ਲੁਧਿਆਣਾ ਦੇ ਵਿੱਚ ਵੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਕਿਰਤੀ ਕਿਸਾਨ ਯੂਨੀਅਨ ਤੇ ਹੋਰ ਜਥੇਬੰਦੀਆਂ ਦੇ ਨਾਲ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਅਤੇ ਇਨਸਾਫ ਦੀ ਮੰਗ ਕੀਤੀ ਗਈ ।
ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਗੁਰਪ੍ਰੀਤ ਸਿੰਘ ਪਿੰਡ ਨੂਰਪੁਰਾ ਨੇ ਕਿਹਾ ਕਿ ਲਖੀਮਪੁਰ ਵਿੱਚ ਜੋ ਬੀਤੇ ਦਿਨ ਭਾਜਪਾ ਦੇ ਗੁੰਡਿਆਂ ਵੱਲੋਂ ਕਿਸਾਨਾਂ ਤੇ ਗੱਡੀ ਚੜ੍ਹਾ ਕੇ ਉਨ੍ਹਾਂ ਦਾ ਕਤਲੇਆਮ ਕੀਤਾ ਗਿਆ, ਉਹ ਬੇਹੱਦ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਪੂਰੇ ਕਿਸਾਨ ਜਗਤ ਵਿੱਚ ਅੱਜ ਰੋਸ ਦੀ ਲਹਿਰ ਹੈ ਅਤੇ ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਭਾਜਪਾ ਦੀ ਮਨਸ਼ਾ ਕੀ ਹੈ। ਉਨ੍ਹਾਂ ਕਿਹਾ ਕਿ ਤੁਰੰਤ ਇਸ ਪੂਰੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦੇ ਖਿਲਾਫ ਸਖਤ ਕਰਵਾਈ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।