October 4, 2021 -ਕੋਰੋਨਾ ਦੇ ਕਹਿਰ ਤੋਂ ਉਭਰ ਰਹੇ ਦੇਸ਼ ਨੂੰ ਲੱਗਦਾ ਹੈ ਰੱਬ ਦਾ ਸਹਾਰਾ ਮਿਲ ਗਿਆ ਹੈ। ਕੋਰੋਨਾ ਦੇ ਕਾਰਨ ਵੱਡੀਆਂ ਛੋਟੀਆਂ ਪਾਬੰਦੀਆਂ ਤੋਂ ਛੁਟਕਾਰਾ ਮਿਲਣ ਦੀ ਸ਼ੁਰੂਆਤ ਦੇ ਸੰਕੇਤ ਮਿਲਣ ਲੱਗੇ ਹਨ। ਹਾਲਾਂਕਿ ਹੁਣ ਦੇਸ਼ ਭਰ ਵਿੱਚ ਸ਼ਾਪਿੰਗ ਮਾਲ, ਬਾਜ਼ਾਰ, ਦੁਕਾਨ ਆਦਿ ਜਿਆਦਾ ਸਮੇਂ ਤੱਕ ਖੁੱਲ ਰਹੇ ਹਨ ਅਤੇ ਲੋਕਾਂ ਨੂੰ ਉਨ੍ਹਾਂ ਵਿੱਚ ਜਾਣ ਦੀ ਆਗਿਆ ਵੀ ਹੈ। ਕਾਲਜ ਅਤੇ ਸਕੂਲ ਵੀ ਖੁੱਲਣ ਲੱਗੇ ਹਨ। ਮੁੰਬਈ ਵਿੱਚ ਤਾਂ ਸਿਨੇਮਾ ਹਾਲ ਖੋਲ੍ਹਣ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਅਤੇ ਇੱਕ ਹੀ ਹਫਤੇ ਵਿੱਚ ਵੱਡੀਆਂ-ਵੱਡੀਆਂ ਫਿਲਮਾਂ ਦੀ ਰਿਲੀਜ ਡੇਟ ਵੀ ਫਾਈਨਲ ਹੋ ਚੁੱਕੀ ਹੈ।
ਬਦਲੇ ਮਾਹੌਲ ਵਿੱਚ ਰਾਜਧਾਨੀ ਦਿੱਲੀ ਵਿੱਚ ਵੀ ਫੈਸਟੀਵਲ ਸੀਜਨ ਨੂੰ ਖੁਸ਼ਗਵਾਰ ਬਣਾਉਣ ਦੀ ਤਿਆਰੀ ਹੈ। ਹੁਣ ਤੱਕ ਹਰ ਤਰ੍ਹਾਂ ਦੇ ਧਾਰਮਿਕ ਅਤੇ ਤਿਉਹਾਰਾਂ ਨਾਲ ਜੁੜੇ ਪ੍ਰੋਗਰਾਮਾਂ ਤੇ ਪੂਰੀ ਤਰ੍ਹਾਂ ਰੋਕ ਸੀ। ਦਿੱਲੀ ਆਪਦਾ ਪ੍ਰਬੰਧਨ ਕਮੇਟੀ (ਡੀ ਡੀ ਐਮ ਏ) ਨੇ ਰਾਮਲੀਲਾ, ਦੁਸ਼ਹਿਰਾ ਅਤੇ ਦੁਰਗਾਪੂਜਾ ਮਨਾਉਣ ਲਈ 15 ਨਵੰਬਰ ਤੱਕ ਨਿਯਮਾਂ ਵਿੱਚ ਛੂਟ ਦੇਣ ਦੀ ਘੋਸ਼ਣਾ ਕੀਤੀ ਹੈ। ਇਨ੍ਹਾਂ ਦੇ ਤਹਿਤ ਤਿਉਹਾਰਾਂ ਲਈ ਪਾਬੰਦੀਆਂ ਵਿੱਚ ਛੂਟ ਦਿੱਤੀ ਗਈ ਹੈ। ਡੀ ਡੀ ਐਮ ਏ ਦੀਆਂ ਗਾਈਡ ਲਾਈਨਾਂ ਦੇ ਮੁਤਾਬਕ ਰਾਮਲੀਲਾ ਅਤੇ ਦੁਰਗਾਪੂਜਾ ਦੇ ਪੰਡਾਲਾਂ ਵਿੱਚ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨੀ ਪਵੇਗੀ। ਇਹਨਾਂ ਮੌਕਿਆਂ ਤੇ ਪੰਡਾਲਾਂ ਵਿੱਚ ਅਤੇ ਉਨ੍ਹਾਂ ਦੇ ਆਸਪਾਸ ਮੇਲੇ, ਝੂਲੇ ਅਤੇ ਖਾਣ-ਪੀਣ ਦੇ ਸਟਾਲ ਲਗਾਉਣ ਤੇ ਪਾਬੰਦੀ ਰਹੇਗੀ। ਇਸ ਦੌਰਾਨ ਕੁਰਸੀਆਂ ਤੇ ਬੈਠਣ ਦਾ ਇੰਤਜਾਮ ਹੋਵੇਗਾ ਅਤੇ ਜ਼ਮੀਨ ਤੇ ਬੈਠ ਕੇ ਜਾਂ ਖੜੇ ਹੋ ਕੇ ਰਾਮਲੀਲਾ ਜਾਂ ਦੁਰਗਾ ਪੂਜਾ ਵਿੱਚ ਭਾਗ ਲੈਣ ਦੀ ਇਜਾਜਤ ਨਹੀਂ ਹੋਵੇਗੀ। ਇਸ ਦੌਰਾਨ ਮਾਸਕ ਤੋਂ ਬਿਨਾਂ ਦਾਖਲੇ ਦੀ ਇਜਾਜਤ ਵੀ ਨਹੀਂ ਹੋਵੇਗੀ। ਆਯੋਜਕਾਂ ਨੂੰ ਦਾਖਿਲ ਹੋਣ ਅਤੇ ਬਾਹਰ ਨਿਕਲਣ ਦੇ ਵੱਖ ਵੱਖ ਗੇਟ ਬਣਾਉਣੇ ਹੋਣਗੇ। ਇਸ ਦੌਰਾਨ ਝਾਂਕੀਆਂ, ਜੁਲੂਸ ਜਾਂ ਰੈਲੀ ਆਦਿ ਕੱਢਣ ਦੀ ਵੀ ਇਜਾਜਤ ਨਹੀਂ ਹੋਵੇਗੀ ਅਤੇ ਕੰਟੇਨਮੈਂਟ ਜੋਨ ਵਿੱਚ ਕੋਈ ਆਯੋਜਨ ਨਹੀਂ ਕੀਤਾ ਜਾ ਸਕੇਗਾ।
ਇਸਦੇ ਨਾਲ ਨਾਲ ਰਾਮਲੀਲਾ ਅਤੇ ਦੁਰਗਾਪੂਜਾ ਦੇ ਆਯੋਜਨ ਲਈ ਜ਼ਿਲ੍ਹਾ ਮਜਿਸਟਰੇਟ ਅਤੇ ਡੀ ਸੀ ਪੀ ਦੀ ਮੰਜੂਰੀ ਲੈਣੀ ਪਵੇਗੀ। ਇਹ ਜਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਦੀ ਜ਼ਿੰਮੇਵਾਰੀ ਹੋਵੇਗੀ ਕਿ ਆਯੋਜਨ ਸਥਾਨਾਂ ਤੇ ਕੋਵਿਡ ਪ੍ਰੋਟੋਕਾਲ ਦੀ ਉਲੰਘਣਾ ਨਾ ਹੋਵੇ। ਛਠ ਪੂਜਾ ਨੂੰ ਲੈ ਕੇ ਨਿਯਮਾਂ ਵਿੱਚ ਕੋਈ ਛੂਟ ਨਹੀਂ ਦਿੱਤੀ ਗਈ ਹੈ। ਇਸ ਸਾਲ ਵੀ ਜਨਤਕ ਥਾਵਾਂ (ਜਿਨ੍ਹਾਂ ਵਿੱਚ ਪਬਲਿਕ ਸਪੇਸ, ਮੈਦਾਨ, ਨਦੀ ਨਹਿਰਾਂ ਦੇ ਤਟ ਅਤੇ ਮੰਦਿਰ ਸ਼ਾਮਿਲ ਹਨ) ਤੇ ਛਠ ਦਾ ਆਯੋਜਨ ਨਹੀਂ ਕੀਤਾ ਜਾ ਸਕੇਗਾ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਰ ਵਿੱਚ ਹੀ ਛਠ ਪੂਜਾ ਮਨਾ ਲੈਣ।
ਦਿੱਲੀ ਦੀ ਦੇਖਾਦੇਖੀ ਪੂਰੇ ਭਾਰਤ ਵਿੱਚ ਇਹਨਾਂ ਪ੍ਰੋਗਰਾਮਾਂ ਵਿੱਚ ਛੂਟ ਦਿੱਤੀ ਜਾਵੇਗੀ। ਇਸ ਦੌਰਾਨ ਲੋਕਾਂ ਦਾ ਵੀ ਫਰਜ ਬਣਦਾ ਹੈ ਕਿ ਇਹਨਾਂ ਛੋਟਾਂ ਦਾ ਨਾਜਾਇਜ ਫਾਇਦਾ ਨਾ ਚੁੱਕਣ ਅਤੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਦੇ ਹੋਏ ਰਾਮਲੀਲਾ ਅਤੇ ਦੁਰਗਾ ਪੂਜਾ ਵਿੱਚ ਭਾਗ ਲੈਣ ਤਾਂ ਕਿ ਕੋਰੋਨਾ ਦਾ ਕੋਈ ਖਤਰਾ ਨਾ ਰਹੇ। ਕੋਈ ਵੀ ਲਾਪਰਵਾਹੀ ਸਭ ਤੇ ਭਾਰੀ ਪੈ ਸਕਦੀ ਹੈ।