ਅੰਮ੍ਰਿਤਸਰ , 16 ਜੂਨ 2020 – ਅੰਮ੍ਰਿਤਸਰ ‘ਚ ਜਿਥੇ ਲਗਾਤਾਰ ਵੱਧ ਰਹੇ ਕੋਰੋਨਾ ਪਾਜ਼ੀਟਿਵ ਕੇਸਾਂ ਦੇ ਮਾਮਲਿਆਂ ਗਿਣਤੀ ਵੱਧ ਰਹੀ ਹੈ ਉੱਥੇ ਇਹ ਵੀ ਦੋਸ਼ ਲੱਗਣੇ ਸ਼ੁਰੂ ਹੋ ਗਏ ਹਨ ਕਿ ਇਥੇ ਕੋਰੋਨਾ ਦੇ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਜਾਣ ਬੁਝ ਕੇ ਵਧਾਈ ਜਾ ਰਹੀ ਹੈ ਤੇ ਇਹ ਗੋਰਖਧੰਦਾ ਸੱਤਾ ਧਾਰੀਆਂ ਦੀ ਮਿਲੀਭੁਗਤ ਨਾਲ ਚਲਾਇਆ ਜਾ ਰਿਹਾ ਹੈ।
ਬੀਤੇ ਦਿਨ ਚਰਚਾ ‘ਚ ਆਈ ਇਕ ਨਿੱਜੀ ਲੈਬ ਦੇ ਹੋਰ ਪਾਜ਼ੀਟਿਵ ਮਾਮਲੇ ਵੀ ਸਰਕਾਰੀ ਲੈਬ ਤੋਂ ਕਰਵਾਏ ਟੈਸਟ ‘ਚ ਨੈਗਟਿਵ ਪਾਏ ਗਏ ਹਨ । ਦੂਜੇ ਪਾਸੇ ਇਹ ਲੈਬ ਦਾ ਵੱਡੇ ਪੱਧਰ ‘ਤੇ ਰੌਲਾ ਪੈਣ ‘ਤੇ ਵੀ ਸਰਕਾਰ ਨੇ ਇਸ ਲੈਬ ਖਿਲਾਫ਼ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਤੇ ਨਾ ਹੀ ਇਸ ਲੈਬ ਤੋਂ ਟੈਸਟ ਕਰਵਾਉਣੇ ਹੀ ਬੰਦ ਕੀਤੇ ਹਨ। ਅੱਜ ਇਥੇ ਮਜੀਠਾ ਰੋਡ ਵਿਖੇ ਉਕਤ ਤੁਲੀ ਲੈਬ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਸਾਬਕਾ ਜਨ: ਸਕੱਤਰ ਤੇ ਬੁਲਾਰੇ ਮਨਦੀਪ ਸਿੰਘ ਮੰਨਾ ਨੇ ਦੋਸ਼ ਲਾਇਆ ਕਿ ਬੀਤੇ ਦਿਨ ਇਕ ਕਾਰੋਬਾਰੀ ਖੁੱਲਰ ਪਰਿਵਾਰ ਦੀ ਗਰਭਵਤੀ ਡਾਕਟਰ ਨੂੰ ਕੋਰੋਨਾ ਪਾਜ਼ੀਟਿਵ ਕਰਾਰ ਦੇਣ ਵਾਲੀ ਇਸ ਚਰਚਿਤ ਲੈਬ ਨੇ ਹੋਰ ਮਰੀਜ਼ਾਂ ਦੀ ਰਿਪੋਰਟ ਨਾਲ ਵੀ ਛੇੜਛਾੜ ਕੀਤੀ ਹੈ ਤੇ ਉਨ੍ਹਾਂ ਨੂੰ ਪਾਜ਼ੀਟਿਵ ਐਲਾਨ ਦਿੱਤਾ।
ਇਸ ਤਹਿਤ ਵਿੱਕੀ ਦੱਤਾ ਦੀ ਪਤਨੀ ਸ੍ਰੀਮਤੀ ਦੱਤਾ ਵੀ ਸ਼ਾਮਿਲ ਹੈ, ਉਕਤ ਔਰਤ ਦੇ ਪਰਿਵਾਰਕ ਮੈਂਬਰਾਂ ਸਣੇ ਨਮੂਨੇ ਲਏ ਗਏ ਤਾਂ ਉਸਨੂੰ ਕੋਰੋਨਾ ਪਾਜ਼ੀਟਿਵ ਮਰੀਜ਼ ਐਲਾਨ ਦਿੱਤਾ ਗਿਆ। ਇਸ ਉਪਰੰਤ ਉਨ੍ਹਾਂ ਦੇ ਪਰਿਵਾਰ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਜਦੋਂ ਅਗਲੇ ਦਿਨ ਸਰਕਾਰੀ ਲੈਬ ਤੋਂ ਟੈਸਟ ਕਰਵਾਇਆ ਗਿਆ ਤਾਂ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆ ਗਈ। ਇਸੇ ਤਰ੍ਹਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਟੈਸਟ ਵੀ ਪਾਜ਼ੀਟਿਵ ਆ ਗਏ ਤੇ ਉਨ੍ਹਾਂ ਨੂੰ ਕੋਰੋਨਾ ਵਾਰਡ ‘ਚ ਰੱਖਿਆ ਗਿਆ ਜਿਥੇ ਪਰਿਵਾਰਕ ਮੈਂਬਰਾਂ ‘ਚੋਂ ਵੀ ਕੁਝ ਦੇ ਨਮੂਨੇ ਨੈਗਟਿਵ ਆ ਗਏ ।
ਉਨ੍ਹਾਂ ਦੋਸ਼ ਲਾਇਆ ਕਿ ਜਿਨ੍ਹਾਂ ਮਰੀਜ਼ਾਂ ਨੂੰ ਕੋਰੋਨਾ ਨਹੀਂ ਸੀ ਤੇ ਜਾਣ ਬੁਝ ਕੇ ਪਾਜ਼ੀਟਿਵ ਦੱਸਿਆ ਗਿਆ, ਉਹ ਕੋਰੋਨਾ ਮਰੀਜ਼ਾਂ ਦੇ ਨਾਲ ਵਾਰਡ ‘ਚ ਭਰਤੀ ਹੋਣ ਕਾਰਨ ਕੋਰੋਨਾ ਗ੍ਰਸਤ ਹੋ ਗਏ। ਮੰਨਾ ਨੇ ਕਿਹਾ ਕਿ ਇਹ ਮਾਮਲੇ ‘ਚ ਜਿਥੇ ਨਿੱਜੀ ਹਸਪਤਾਲ ਦੇ ਡਾਕਟਰਾਂ ਵਲੋਂ ਕੋਰੋਨਾ ਪੈਕੇਜ਼ ਕੀਤੇ ਜਾ ਰਹੇ ਹਨ ਉਥੇ ਸਰਕਾਰੀ ਡਾਕਟਰ ਤੇ ਸੱਤਾਧਾਰੀ ਆਗੂਆਂ ਦੀ ਮਿਲੀਭੁਗਤ ਨਾਲ ਨਿੱਜੀ ਲੈਬਾਂ ਤੋਂ ਟੈਸਟ ਕਰਵਾ ਕੇ ਮੋਟੀਆਂ ਕਮਿਸ਼ਨਾਂ ਲਈਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਉਹ ਉਨਾ ਚਿਰ ਤੱਕ ਚੁੱਪ ਨਹੀਂ ਬੈਠਣਗੇ ਜਦੋਂ ਤੱਕ ਇਸ ਲੈਬ ਨੂੰ ਬੰਦ ਕਰਕੇ ਕੇ ਇਸ ਖਿਲਾਫ ਪਰਚਾ ਦਰਜ ਨਹੀਂ ਹੋ ਜਾਂਦਾ। ਉਨ੍ਹਾਂ ਇਸ ਮੌਕੇ ਕੁਝ ਪਰਿਵਾਰਾਂ ਨੂੰ ਵੀ ਮੀਡੀਆ ਦੇ ਰੂਬਰੂ ਪੇਸ਼ ਕੀਤਾ ਜਿਨ੍ਹਾਂ ਦੀਆਂ ਰਿਪੋਰਟਾਂ ਪਾਜ਼ੀਟਿਵ ਤੋਂ ਨੈਗੇਟਿਵ ਹੋਈਆਂ ਸਨ। ਨਿੱਜੀ ਲੈਬ ਖਿਲਾਫ ਕੋਈ ਝੂਠੀਆਂ ਰਿਪੋਰਟ ਤਿਆਰ ਕਰਨ ‘ਤੇ ਕੋਈ ਕਾਰਵਾਈ ਨਾ ਹੋਣ ਸਬੰਧੀ ਪੁੱਛੇ ਜਾਣ ‘ਤੇ ਸਿਵਲ ਸਰਜਨ ਡਾ: ਜੁਗਲ ਕਿਸ਼ੋਰ ਨੇ ਕਿਹਾ ਕਿ ਉਹ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਆਪਣੀ ਰਿਪੋਰਟ ਭੇਜ ਚੁੱਕੇ ਹਨ। ਦੂਜੇ ਪਾਸੇ ਤੁਲੀ ਲੈਬ ਦੇ ਮਾਲਕ ਡਾ: ਰੋਬਿਨ ਤੁਲੀ ਨੇ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਰਿਪੋਰਟਾਂ ਸਹੀ ਹਨ।