September 30, 2021 -ਪੰਜਾਬ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਨੂੰ ਇੱਕ ਨਵੀਂ ਮੁਸੀਬਤ ਵਿੱਚ ਪਾ ਦਿੱਤਾ ਹੈ । ਉਨ੍ਹਾਂ ਨੇ ਪੰਜਾਬ ਕਾਂਗਰਸ ਇਕਾਈ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤਰ੍ਹਾਂ ਵਿਰੋਧੀਆਂ ਨੂੰ ਕਾਂਗਰਸ ਤੇ ਹਮਲਾ ਬੋਲਣ ਦਾ ਮੌਕਾ ਮਿਲ ਗਿਆ ਹੈ। ਇੱਥੇ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹ ਕਹਿਣ ਦਾ ਮੌਕਾ ਮਿਲ ਗਿਆ ਹੈ ਕਿ ਉਹ ਸ਼ੁਰੂ ਤੋਂ ਚਿਤਾਵਨੀ ਦਿੰਦੇ ਆ ਰਹੇ ਸਨ ਕਿ ਸਿੱਧੂ ਉੱਤੇ ਭਰੋਸਾ ਕਰਨਾ ਠੀਕ ਨਹੀਂ ਹੈ।
ਨਵਜੋਤ ਸਿੱਧੂ ਚਾਰ ਸਾਲ ਪਹਿਲਾਂ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਸਨ। ਆਉਣ ਦੇ ਕੁੱਝ ਦਿਨਾਂ ਬਾਅਦ ਹੀ ਉਨ੍ਹਾਂ ਨੇ ਮੁੱਖਮੰਤਰੀ ਅਮਰਿੰਦਰ ਸਿੰਘ ਦੇ ਖਿਲਾਫ ਮੋਰਚਾ ਖੋਲ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਅਮਰਿੰਦਰ ਸਰਕਾਰ ਵਿੱਚ ਭ੍ਰਿਸ਼ਟਾਚਾਰ ਵੱਧ ਗਿਆ ਹੈ, ਜਨਤਾ ਉਨ੍ਹਾਂ ਤੋਂ ਨਾਰਾਜ ਹੈ, ਮੰਤਰੀ ਅਸੰਤੁਸ਼ਟ ਹਨ। ਫਿਰ ਵਾਰ-ਵਾਰ ਉਹ ਅਮਰਿੰਦਰ ਸਿੰਘ ਦੇ ਖਿਲਾਫ ਮੋਰਚਾ ਲੈ ਕੇ ਆਲਾਕਮਾਨ ਨੂੰ ਮਿਲਣ ਦਿੱਲੀ ਪਹੁੰਚਦੇ ਰਹੇ। ਆਖ਼ਿਰਕਾਰ ਕੇਂਦਰੀ ਕਮਾਨ ਨੇ ਦੋ ਮਹੀਨੇ ਪਹਿਲਾਂ ਉਨ੍ਹਾਂ ਨੂੰ ਪਾਰਟੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਬਣਾ ਦਿੱਤਾ। ਫਿਰ ਉਹ ਆਪਣੇ ਢੰਗ ਨਾਲ ਕੰਮ ਕਰਨ ਦੀ ਗੱਲ ਕਰਨ ਲੱਗ ਪਏ। ਪਾਰਟੀ ਹਾਈਕਮਾਨ ਨੂੰ ਵੀ ਲਲਕਾਰਦੇ ਰਹੇ ਕਿ ਉਨ੍ਹਾਂ ਨੂੰ ਆਜਾਦ ਰੂਪ ਨਾਲ ਫੈਸਲੇ ਕਰਨ ਦਿਓ।
ਇਸਤੋਂ ਬਾਅਦ ਉਹ ਮੁੱਖਮੰਤਰੀ ਅਮਰਿੰਦਰ ਸਿੰਘ ਤੋਂ ਅਸੰਤੁਸ਼ਟ ਆਗੂਆਂ ਆਪਣੇ ਨਾਲ ਦਿੱਲੀ ਲੈ ਗਏ ਅਤੇ ਇਹ ਮੰਗ ਜੋਰ ਫੜ ਗਈ ਕਿ ਮੁੱਖ ਮੰਤਰੀ ਕੈਪਟਨ ਅਮੰਿਦਰ ਸਿੰਘ ਨੂੰ ਅਹੁਦੇ ਤੋਂ ਹਟਾਇਆ ਜਾਵੇ। ਪਾਰਟ. ਨੈ ਉਹਨਾਂ ਦੀ ਇਹ ਗੱਲ ਵੀ ਮੰਨ ਲਈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਅਹੁਦਾ ਛੱਡਣਾ ਪਿਆ।
ਪਰੰਤੂ ਹੁਣ ਜਦੋਂ ਪੰਜਾਬ ਵਿੱਚ ਨਵੀਂ ਸਰਕਾਰ ਦਾ ਗਠਨ ਹੋ ਚੁੱਕਿਆ ਹੈ ਸਿੱਧੂ ਵਲੋਂ ਇਹ ਕਹਿੰਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਕਿ ਉਹ ਪੰਜਾਬ ਦੇ ਲੋਕਾਂ ਦੇ ਹਿਤਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰ ਸਕਦੇ ਅਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਅਸਤੀਫਾ ਦੇ ਦਿੱਤਾ। ਉਹਨਾਂ ਵਲੋਂ ਕੁੱਝ ਦਾਗੀ ਆਗੂਆਂ ਨੂੰ ਮੁੜ ਮੰਤਰੀ ਬਣਾਏ ਜਾਣ ਅਤੇ ਪੰਜਾਬ ਦੇ ਐਡਵੋਕੇਟ ਜਨਰਲ ਅਤੇ ਡੀ ਜੀ ਪੀ ਦੀ ਨਿਯੁਕਤੀ ਤੇ ਸਵਾਲ ਖੜ੍ਹੇ ਕੀਤੇ ਗਏ ਹਨ ਅਤੇ ਪੰਜਾਬ ਕਾਂਗਰਸ ਇਸ ਵੇਲੇ ਵੱਡੀ ਮੁਸੀਬਤ ਵਿੱਚ ਦਿਖ ਰਹੀ ਹੈ।
ਕੁੱਝ ਲੋਕ ਇਹ ਇਲਜਾਮ ਲਗਾਉਂਦੇ ਹਨ ਕਿ ਸਿੱਧੂ ਨੂੰ ਉਮੀਦ ਸੀ ਕਿ ਅਮਰਿੰਦਰ ਸਿੰਘ ਦੇ ਹੱਟਣ ਤੋਂ ਬਾਅਦ ਉਨ੍ਹਾਂ ਨੂੰ ਪ੍ਰਦੇਸ਼ ਦੀ ਸੱਤਾ ਸੰਭਾਲਣ ਦਾ ਮੌਕਾ ਮਿਲ ਜਾਵੇਗਾ। ਪਰ ਅਜਿਹਾ ਹੋਇਆ ਨਹੀਂ। ਕੇਂਦਰੀ ਕਮਾਨ ਨੇ ਮੁੱਖ ਮੰਤਰੀ ਅਤੇ ਦੋ ਉਪ ਮੁੱਖ ਮੰਤਰੀਆਂ ਲਈ ਜਿਨ੍ਹਾਂ ਨਾਮਾਂ ਦੀ ਘੋਸ਼ਣਾ ਕੀਤੀ, ਉਸ ਨਾਲ ਸਿੱਧੂ ਦੀਆਂ ਉਮੀਦਾਂ ਉੱਤੇ ਪਾਣੀ ਫਿਰ ਗਿਆ। ਪੰਜਾਬ ਵਿੱਚ ਨਵੀਂ ਸਰਕਾਰ ਦੇ ਗਠਨ ਨੂੰ ਤਮਾਮ ਵਿਰੋਧੀ ਦਲਾਂ ਦੇ ਖਿਲਾਫ ਤੁਰੂਪ ਦਾ ਪੱਤਾ ਕਿਹਾ ਜਾਣ ਲੱਗਿਆ। ਉਦੋਂ ਸਿੱਧੂ ਨੂੰ ਉਮੀਦ ਰਹੀ ਹੋਵੇਗੀ ਕਿ ਉਹ ਮੰਤਰੀ ਮੰਡਲ ਵਿੱਚ ਆਪਣੀ ਪਸੰਦ ਦੇ ਲੋਕਾਂ ਨੂੰ ਜਗ੍ਹਾ ਦਿਵਾ ਸਕਣਗੇ, ਪਰ ਉਸ ਵਿੱਚ ਵੀ ਬਹੁਤ ਉਲਟ-ਫੇਰ ਨਹੀਂ ਕੀਤੀ ਗਈ ਅਤੇ ਨਵੇਂ ਮੰਤਰੀਆਂ ਦੇ ਮੁਕਾਬਲੇ ਜਿਆਦਾ ਮੰਤਰੀ ਅਮਰਿੰਦਰ ਸਿੰਘ ਮੰਤਰੀ ਮੰਡਲ ਵਾਲੇ ਹੀ ਰਹੇ ਅਤੇ ਉਨ੍ਹਾਂ ਨੂੰ ਉਹੀ ਵਿਭਾਗ ਵੀ ਦਿੱਤੇ ਗਏ, ਜੋ ਉਹ ਪਹਿਲਾਂ ਵੇਖ ਰਹੇ ਸਨ ਅਤੇ ਸਿੱਧੂ ਦੀ ਉਸ ਵਿੱਚ ਵੀ ਨਹੀਂ ਚੱਲ ਪਾਈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਵਜੋਤ ਸਿੱਧੂ ਇੱਕ ਊਰਜਾਵਾਨ ਨੇਤਾ ਹਨ, ਪੂਰੀ ਤਰ੍ਹਾਂ ਸਰਗਰਮ ਰਹਿੰਦੇ ਹਨ, ਖਰੀ- ਖਰੀ ਬੋਲਦੇ ਅਤੇ ਸੁਰਖੀਆਂ ਵੀ ਬਟੋਰਦੇ ਹਨ। ਪਰ ਕਿਸੇ ਵੀ ਰਾਜਨੀਤਕ ਦਲ ਦੀ ਅਗਵਾਈ ਕਰਨ ਲਈ ਸਿਰਫ ਇੰਨਾ ਕਾਫ਼ੀ ਨਹੀਂ ਹੁੰਦਾ। ਸਬਰ ਅਤੇ ਸੰਤੁਲਿਤ ਚਾਲ ਚਲਣ ਦੀ ਵੀ ਲੋੜ ਹੁੰਦੀ ਹੈ। ਪਾਰਟੀ ਦੀਆਂ ਰਵਾਇਤਾਂ ਦਾ ਸਨਮਾਨ ਕਰਦੇ ਹੋਏ ਸਾਰਿਆਂ ਨੂੰ ਨਾਲ ਲੈ ਕੇ ਪਾਰਟੀ ਦੇ ਏਜੰਡੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨੀ ਹੁੰਦੀ ਹੈ।
ਕੋਈ ਵੀ ਲੋਕਤਾਂਤਰਿਕ ਪਾਰਟੀ ਆਪਣੇ ਸੀਨੀਅਰ ਨੇਤਾਵਾਂ ਨੂੰ ਕਿਨਾਰੇ ਕਰਕੇ ਇੱਕਦਮ ਨਵੇਂ ਕਿਸੇ ਨੇਤਾ ਦੇ ਹੱਥ ਵਿੱਚ ਅਗਵਾਈ ਸੌਂਪਣ ਦਾ ਜੋਖਮ ਨਹੀਂ ਲੈ ਸਕਦੀ। ਫਿਰ ਸਿੱਧੂ ਦੀ ਤੁਨਕਮਿਜਾਜੀ ਜਗਜਾਹਿਰ ਹੈ। ਇਸ ਲਈ ਪਾਰਟੀ ਵਲੋਂ ਸਿੱਧੂ ਉੱਤੇ ਕੋਈ ਵੱਡਾ ਦਾਅ ਨਾ ਖੇਡ ਕੇ ਸਾਰਿਆਂ ਨੂੰ ਇਕੱਠਾ ਕਰਨ ਦੀ ਕਵਾਇਦ ਕੀਤੀ ਸੀ ਪਰੰਤੂ ਹੁਣ ਸਿੱਧੂ ਵਲੋਂ ਅਸਤੀਫਾ ਦਿੱਤੇ ਜਾਣ ਨਾਲ ਪਾਰਟੀ ਨੂੰ ਨਮੋਸ਼ੀ ਝੱਲਣੀ ਪਈ ਹੈ।
ਵਿਧਾਨਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਅਤੇ ਮੌਜੂਦਾ ਹਾਲਾਤ ਵਿੱਚ ਚੋਣਾ ਦੌਰਾਨ ਪਾਰਟੀ ਦੇ ਪ੍ਰਦਰਸ਼ਨ ਤੇ ਅਸਰ ਪੈਣਾ ਲਾਜਮੀ ਹੈ ਇਸ ਲਈ ਪਾਰਟੀ ਨੂੰ ਇਸ ਸੰਕਟ ਦਾ ਛੇਤੀ ਹਲ ਕੱਢਣਾ ਪੈਣਾ ਹੈ ਅਤੇ ਸਿੱਧੂ ਨੂੰ ਮਣਾਊਣ ਜਾਂ ਉੱਥੇ ਵੀਂ ਅਗਵਾਈ ਬਾਰੇ ਵਿਚਾਰ ਕਰਨਾ ਪੈਣਾ ਹੈ।
ਹੁਣ ਸ਼ਾਇਦ ਕਾਂਗਰਸ ਇਸ ਗੱਲ ਤੇ ਗੰਭੀਰਤਾ ਨਾਲ ਵਿਚਾਰ ਕਰੇ ਕਿ ਸਿੱਧੂ ਨਾਲ ਉਸਦੇ ਲਈ ਭਵਿੱਖ ਵਿੱਚ ਹੋਰ ਕਿਵੇਂ ਦੀਆਂ ਮੁਸ਼ਕਿਲਾਂ ਖੜੀਆਂ ਹੋ ਸਕਦੀਆਂ ਹਨ।