ਫਰਿਜ਼ਨੋ, 21 ਸਤੰਬਰ 2021- ਅਮਰੀਕਾ ਦੇ ਨਿਊਯਾਰਕ ਵਿੱਚ ਨਿਵਾਸੀਆਂ ਨੂੰ ਮੱਛਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਊਯਾਰਕ ਵਿੱਚ ਵਧ ਰਹੀ ਮੱਛਰਾਂ ਦੀ ਸਮੱਸਿਆ ਦੇ ਸਬੰਧ ਵਿੱਚ ਸਟੇਟ ਦੇ ਇੱਕ ਸੀਨੀਅਰ ਸੈਨੇਟਰ ਨੇ ਚਿੰਤਾ ਪ੍ਰਗਟ ਕੀਤੀ ਹੈ। ਸੈਨੇਟਰ ਚੱਕ ਸ਼ੂਮਰ (ਡੀ-ਐਨ ਵਾਈ) ਨੇ ਇਸ ਸਾਲ ਨਿਊਯਾਰਕ ਵਿੱਚ ਰਿਕਾਰਡ ਪੱਧਰ ‘ਤੇ ਦਰਜ਼ ਹੋਏ ਨੀਲ ਵਾਇਰਸ ਦੇ ਕੇਸਾਂ ਨੂੰ ਮੱਛਰਾਂ ਦੀ ਆਬਾਦੀ ਕੰਟਰੋਲ ਤੋਂ ਬਾਹਰ ਹੋਣ ਦਾ ਸਬੂਤ ਦੱਸਿਆ ਹੈ। ਸ਼ਹਿਰ ਦੇ ਸਿਹਤ ਵਿਭਾਗ ਨੇ ਮੱਛਰਾਂ ਕਾਰਨ ਫੈਲਣ ਵਾਲੀ ਇਸ ਬਿਮਾਰੀ ਦੇ ਕੇਸ ਦਰਜ ਕੀਤੇ ਹਨ, ਜੋ ਕਿ ਬੁਖਾਰ ਅਤੇ ਕੁੱਝ ਮਾਮਲਿਆਂ ਵਿੱਚ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦੀ ਹੈ। ਨੀਲ ਵਾਇਰਸ ਦੇ ਕੇਸਾਂ ਦਾ ਉੱਚ ਪੱਧਰ ਵੀ ਕੋਵਿਡ -19 ਮਹਾਂਮਾਰੀ ਦੌਰਾਨ ਸਾਹਮਣੇ ਆਇਆ ਹੈ, ਜਿਸ ਵਿੱਚ ਵਧੇਰੇ ਕਰਕੇ ਘਰ ਦੇ ਅੰਦਰ ਰਹਿਣ ਦੀ ਬਜਾਏ ਬਾਹਰ ਧੁੱਪ ਵਿੱਚ ਟਾਈਮ ਬਿਤਾਉਣ ਲਈ ਪ੍ਰੇਰਿਆ ਜਾਂਦਾ ਹੈ। ਸੈਨੇਟਰ ਸ਼ੂਮਰ ਅਨੁਸਾਰ ਉਹ ਮੱਛਰਾਂ ਦੇ ਹੱਲ ਲਈ ਵਧੇਰੇ ਕੇਂਦਰੀ ਸਹਾਇਤਾ ਦੀ ਮੰਗ ਕਰ ਰਹੇ ਹਨ ਅਤੇ ਇਸ ਸਬੰਧੀ ਉਹਨਾਂ ਨੇ ਵਾਤਾਵਰਣ ਸੁਰੱਖਿਆ ਏਜੰਸੀ ਦੇ ਮਾਈਕਲ ਰੇਗਨ ਨੂੰ ਵੀ ਚਿੱਠੀ ਲਿਖ ਕੇ ਕੀਟਨਾਸ਼ਕਾਂ ਸਬੰਧੀ ਸ਼ਹਿਰ ਦੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਬੇਨਤੀ ਕੀਤੀ ਹੈ।