ਨਵੀਂ ਦਿੱਲੀ, 20ਸਤੰਬਰ 2021: ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਟਿਕਰੀ ਬਾਰਡਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਗ਼ਦਰੀ ਗੁਲਾਬ ਕੌਰ ਨਗਰ ਵਿਖੇ ਚੱਲ ਰਹੀ ਸਟੇਜ ਤੋਂ ਸੰਗਰੂਰ ਜਿਲ੍ਹੇ ਦੇ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ ਅਤੇ ਮੋਗਾ ਜ਼ਿਲ੍ਹੇ ਦੇ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ਼ ਪੰਜਾਬ ਵਿੱਚ ਬਾਦਲਾਂ ਅਤੇ ਕੈਪਟਨ ਦੇ ਦਰਾਂ ਅਗੇ ਸ਼ੁਰੂ ਹੋਏ ਅੰਦੋਲਨ ਨੇ ਅੱਜ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਮੋਰਚੇ ਲਾਉਣ ਵਿਚ ਮਿਸਾਲ ਕਾਇਮ ਕੀਤੀ ਹੈ । ਅੱਜ ਇਹ ਅੰਦੋਲਨ ਵਿਸ਼ਾਲ ਜਨ ਅੰਦੋਲਨ ਦਾ ਰੂਪ ਧਾਰਨ ਕਰ ਚੁੱਕਾ ਹੈ ।ਉਨ੍ਹਾਂ ਕਿਹਾ ਕਿ ਪੰਜਾਬ ਦੀ ਗੱਲ ਕਰਨੀ ਹੋਵੇ ਇਹ ਜ਼ਮੀਨੀ ਅੰਦੋਲਨ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਘਰ ਘਰ ਤਕ ਪਹੁੰਚ ਚੁੱਕਿਆ ਹੈ ਅਤੇ ਬੱਚੇ ਬੁੱਢੇ ਤੋਂ ਲੈ ਕੇ ਹਰੇਕ ਇਨਸਾਨ ਨੂੰ ਇਨ੍ਹਾਂ ਖੇਤੀ ਕਾਨੂੰਨਾਂ ਨਾਲ ਹੋਣ ਵਾਲੇ ਨੁਕਸਾਨ ਦੀ ਸਮਝ ਪੈ ਗਈ ਹੈ ।
ਉਨ੍ਹਾਂ ਕਿਹਾ ਕਿ ਇਸ ਕਰਕੇ ਪੰਜਾਬ ਦੇ ਵਿੱਚ ਆਪ ਮੁਹਾਰੇ ਲੋਕ ਵੋਟ ਪਾਰਟੀਆਂ ਦਾ ਵਿਰੋਧ ਕਰ ਰਹੇ ਹਨ ਕਿਉਂਕਿ ਸਾਰੀਆਂ ਹੀ ਵੋਟ ਪਾਰਟੀਆਂ ਇਸ ਵਿੱਚ ਭਾਗੀਦਾਰ ਹਨ। ਉਨ੍ਹਾਂ ਕਿਹਾ ਕਿ ਹੁਣ ਸਾਰੀਆਂ ਹੀ ਵੋਟ ਪਾਰਟੀਆਂ ਨੂੰ ਭਾਜਪਾ ਸਮੇਤ ਅਕਾਲੀ ਕਾਂਗਰਸੀ ਜਾਂ ਹੋਰ ਹੋਣ ਉਹਨਾਂ ਉਨ੍ਹਾਂ ਵੱਲੋਂ ਪਿੰਡਾਂ ਦੀਆਂ ਸੱਥਾਂ ਚ ਜਾਣ ਲਈ ਲੋਕਾਂ ਦੇ ਬੁਨਿਆਦੀ ਮੁੱਦਿਆਂ ਨੂੰ ਛੱਡ ਕੇ ਜਾਤੀ ਜਾਂ ਧਰਮ ਦੇ ਆਧਾਰ ਤੇ ਮੁੱਖ ਮੰਤਰੀ ਜਾਂ ਡਿਪਟੀ ਮੁੱਖ ਮੰਤਰੀ ਦਾ ਚਿਹਰਾ ਪੇਸ਼ ਕਰਕੇ ਲੋਕਾਂ ਤੋਂ ਫ਼ਤਵਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਰ ਵੀ ਜਦੋ ਪਿੰਡਾਂ ਦੇ ਵਿਚ ਚੋਣਾਂ ਦੇ ਸਬੰਧ ਵਿੱਚ ਜਾਂਦੇ ਹਨ ਤਾਂ ਪਿੰਡਾਂ ਦੇ ਲੋਕ ਉਨ੍ਹਾਂ ਨੂੰ ਆਪਣੀਆਂ ਮੰਗਾਂ ਮਸਲਿਆਂ ਦੇ ਹੱਲ ਅਤੇ ਦੇਸ਼ ਦੇ ਵਿਕਾਸ ਪ੍ਰਤੀ ਸਵਾਲ ਕਰਦੇ ਹਨ ਜਿਨ੍ਹਾਂ ਦਾ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੈ। ਇਹ ਜਥੇਬੰਦੀਆਂ ਦੇ ਇਸ ਸੰਘਰਸ਼ ਦੀ ਬਹੁਤ ਵੱਡੀ ਪ੍ਰਾਪਤੀ ਹੈ ।
ਉਨ੍ਹਾਂ ਕਿਹਾ ਕਿ ਇਸ ਦਾ ਵਿਸ਼ਾਲ ਘੇਰਾ ਦੂਸਰੀਆਂ ਸਟੇਟਾਂ ਦੇ ਵਿੱਚ ਵਧ ਰਿਹਾ ਹੈ ਜਿਵੇਂ ਕਿ ਉਤਰਾਖੰਡ ਦੇ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਪਿਛਲੇ ਦਿਨੀਂ ਹਾਈਵੇਅ ਸੜਕ ਲਈ ਐਕਵਾਇਰ ਕੀਤੀ ਜ਼ਮੀਨ ਦਾ ਪੂਰਾ ਮੁਆਵਜ਼ਾ ਲੈਣ ਲਈ ਉਥੋਂ ਦੇ ਲੋਕਾਂ ਨੇ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਹਰਿਆਣੇ ਦੇ ਤਿੰਨ ਜ਼ਿਲ੍ਹਿਆਂ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਜਥੇਬੰਦੀ ਬਣ ਚੁੱਕੀ ਹੈ । ਉਨ੍ਹਾਂ ਕਿਹਾ ਕਿ ਹਿਸਾਰ ਅਤੇ ਕਰਨਾਲ ਵਾਲੇ ਘੋਲ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਹਰਿਆਣਾ ਦਾ ਬਹੁਤ ਅਹਿਮ ਰੋਲ ਰਿਹਾ ਹੈ ।ਬਠਿੰਡਾ ਜ਼ਿਲ੍ਹੇ ਦੇ ਔਰਤ ਆਗੂ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਕੌਰ ਕੋਟੜਾ ਨੇ ਕਿਹਾ ਕਿ ਜੇਕਰ ਕਿਸਾਨ ਜਥੇਬੰਦੀਆਂ ਦੇ ਆਗੂ ਕਿਸੇ ਹੋਰ ਮੁੱਦੇ ਤੇ ਕੰਮ ਕਾਰ ਵਿੱਚ ਰੁੱਝੇ ਹੋਏ ਹੁਣ ਤਾਂ ਔਰਤਾਂ ਘੋਲ ਚਲਾਉਣ ਪ੍ਰਤੀ ਪੂਰੀ ਤਰ੍ਹਾਂ ਸਮਰੱਥ ਹਨ ।