ਬਠਿੰਡਾ 20 ਸਤੰਬਰ2021- ਡਿਪਟੀ ਕਮਿਸ਼ਨਰ ਬਠਿੰਡਾ ਕਮ ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਬਠਿੰਡਾ ਦੀ ਅਗਵਾਈ ਹੇਠ ਰੈੱਡ ਕਰਾਸ ਨੇ ਸਿਹਤ ਵਿਭਾਗ ਬਠਿੰਡਾ ਦੇ ਸਹਿਯੋਗ ਨਾਲ ਭਾਈ ਘਨੱਈਆ ਜੀ ਦੀ ਮਿੱਠੀ ਯਾਦ ਵਿੱਚ ਮਾਨਵ ਸੇਵਾ ਸੰਕਲਪ ਦਿਵਸ ਮਨਾਇਆ। ਜਿਸ ਵਿੱਚ ਸੇਂਟ ਜੌਨ ਕੇਂਦਰ ਦੇ ਜ਼ਿਲ੍ਹਾ ਟ੍ਰੇਨਿੰਗ ਸੁਪਰਵਾਈਜਰ ਅਤੇ ਮਾਸਟਰ ਟਰੇਨਰ ਨਰੇਸ਼ ਪਠਾਣੀਆ ਨੇ ਨਰਸਿੰਗ ਵਿਦਿਆਰਥਣਾਂ ਨੂੰ ਭਾਈ ਘਨੱਈਆ ਜੀ ਦੀ ਜੀਵਨੀ ਬਾਰੇ ਦੱਸਦਿਆਂ ਮਾਨਵ ਸੇਵਾ ਦੇ ਰਸਤੇ ਤੇ ਚੱਲਣ ਦਾ ਸੱਦਾ ਦਿੱਤਾ । ਮੁੱਢਲੀ ਸਹਾਇਤਾ ਦੇ ਸ਼ੁਰੂਆਤੀ ਨੁਕਤਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਸਿਵਲ ਹਸਪਤਾਲ ਬਠਿੰਡਾ ਵਿਖੇ ਜੀਐੱਨਐੱਮ ਟ੍ਰੇਨਿੰਗ ਸਕੂਲ ਵਿੱਚ ਵਾਈਸ ਪਿ੍ਰੰਸੀਪਲ ਮੈਡਮ ਸੁਰਜੀਤ ਕੌਰ ਭੰਗੂ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਸਕੱਤਰ ਰੈੱਡ ਕਰਾਸ ਦਰਸ਼ਨ ਕੁਮਾਰ ਬਾਂਸਲ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।
ਇਸ ਮੌਕੇ ਨਰਸਿੰਗ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਨਵਤਾ ਦੀ ਭਲਾਈ ਹਿੱਤ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ’ਤੇ ਸੇਵਾਵਾਂ ਪ੍ਰਦਾਨ ਕਰ ਰਹੀ ਸੰਸਥਾ ਰੈੱਡ ਕਰਾਸ ਦਾ ਮੁੱਢ ਜਿੱਥੇ ਬਾਨੀ ਹੈਨਰੀ ਡਿਊਨਾ ਨੇ ਬੰਨਿ੍ਹਆ, ਉੱਥੇ ਭਾਈ ਘੱਨ੍ਹਈਆ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਜੰਗ ਵੇਲੇ ‘ਨਾ ਕੋ ਵੈਰੀ ਨਾ ਹੀ ਬੈਗਾਨਾ’ ਦੇ ਸਿਧਾਂਤ ’ਤੇ ਚਲਦਿਆਂ ਵੈਰੀ ਅਤੇ ਮਿੱਤਰ ਜ਼ਖਮੀਂ ਸਿਪਾਹੀਆਂ ਨੂੰ ਜਲ ਛਕਾਉਣ ਦੀ ਸੇਵਾ ਨਿਭਾਈ ਅਤੇ ਦਸਵੇਂ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਦੇ ਬਚਨਾਂ ਮੁਤਾਬਕ ਜ਼ਖਮੀਆਂ ਦੇ ਰਿਸਦੇ ਜ਼ਖਮਾਂ ’ਤੇ ਮਲ੍ਹਮ ਪੱਟੀ ਕਰਨ ਦੀ ਅਦੁੱਤੀ ਸੇਵਾ ਵੀ ਕਮਾਈ। ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਨੇ ਕਿਹਾ ਕਿ ਭਾਈ ਘੱਨ੍ਹਈਆ ਜੀ ਨੂੰ ਸਹੀ ਅਰਥਾਂ ਵਿੱਚ ਸੇਵਾ ਸਿਮਰਨ ਦੇ ਧਨੀ, ਪਰਉਪਕਾਰ ਦੇ ਪੁੰਜ ਅਤੇ ਸ਼ਾਂਤੀ ਦੇ ਅਮਨਦੂਤ ਆਖਿਆ ਜਾ ਸਕਦਾ ਹੈ।
ਅੱਜ ਬਰਸੀ ’ਤੇ ਸਾਡੀ ਭਾਈ ਘੱਨ੍ਹਈਆ ਪ੍ਰਤੀ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਜੇਕਰ ਅਸੀਂ ਨਿਸਵਾਰਥ ਭਾਵਨਾ ਨਾਲ ਗਰੀਬਾਂ, ਮਰੀਜਾਂ ਅਤੇ ਦਰਦਮੰਦਾਂ ਦੀ ਮੱਦਦ ਲਈ ਅੱਗੇ ਆਈਏ ਅਤੇ ਭਾਈ ਘੱਨ੍ਹਈਆ ਜੀ ਵੱਲੋਂ ਚਲਾਈ ਗਈ ਵਿਚਾਰਧਾਰਾ ਅਤੇ ਨਿਸ਼ਕਾਮ ਮਨੁੱਖੀ ਸੇਵਾ ਦੀ ਸੋਚ ਨੂੰ ਅੰਤਰ-ਰਾਸ਼ਟਰੀ ਪੱਧਰ ’ਤੇ ਫੈਲਾਈਏ। ਸਮਾਗਮ ਦੇ ਅੰਤ ਵਿੱਚ ਵਾਈਸ ਪ੍ਰਿੰਸੀਪਲ ਮੈਡਮ ਸੁਰਜੀਤ ਭੰਗੂ ਨੇ ਰੈੱਡ ਕਰਾਸ ਸੁਸਾਇਟੀ ਵੱਲੋਂ ਪਹੁੰਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਫਸਟ ਏਡ ਦੀ ਇਹ ਜਾਣਕਾਰੀ ਨਰਸਿੰਗ ਵਿਦਿਆਰਥਣਾਂ ਦੇ ਭਵਿੱਖ ਵਿੱਚ ਲਾਹੇਵੰਦ ਸਾਬਿਤ ਹੋਵੇਗੀ। ਪ੍ਰੋਗਰਾਮ ਨੂੰ ਸਫਲ ਬਨਾਉਣ ਵਿੱਚ ਟਰੇਨਿੰਗ ਸਕੂਲ ਦੇ ਸੀਨੀਅਰ ਸਿਸਟਰ ਟੀਊਟਰ ਮੈਡਮ ਕਿਰਨਦੀਪ, ਸਿਸਟਰ ਟੀਊਟਰ ਮੈਡਮ ਅਨੀਤਾ ਅਤੇ ਰੈੱਡ ਕਰਾਸ ਵਲੰਟੀਅਰ ਵਿਕਰਮ ਭੱਟ ਨੇ ਸਹਿਯੋਗ ਦਿੱਤਾ।