ਫਰਿਜ਼ਨੋ (ਕੈਲੀਫੋਰਨੀਆ), 14 ਸਤੰਬਰ 2021 – ਸਥਾਨਿਕ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਬਣੇ ਖਾਲੜਾ ਪਾਰਕ ਵਿੱਚ ਲੰਘੇ ਐਤਵਾਰ ਇੰਡੋ-ਯੂ.ਐਸ.ਏ ਹੈਰੀਟੇਜ਼ ਫਰਿਜ਼ਨੋ ( ਗਦਰੀ ਬਾਬਿਆਂ ਅਤੇ ਸ਼ਹੀਦਾਂ ਨੂੰ ਸਮੱਰਪਤ ਜਥੇਬੰਦੀ)ਵੱਲੋਂ ਪਾਰਕ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ‘ਤੇ ਜੈਕਾਰਾ ਮੂਵਮਿੰਟ ਦੇ ਨੌਜਵਾਨਾਂ ਦੇ ਉੱਦਮ ਸਦਕੇ ਇੱਕ ਵਿਸ਼ੇਸ਼ ਸਮਾਗਮ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 26ਵੀਂ ਬਰਸੀ ਨੂੰ ਮੁੱਖ ਰੱਖਕੇ ਕਰਵਾਇਆ ਗਿਆ। ਇਸ ਮੌਕੇ ਜਿੱਥੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ ਗਿਆ, ਓਥੇ ਹੀ 9/11 ਦੀ 20ਵੀ ਬਰਸੀ ਮੌਕੇ ਅਮਰੀਕਾ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਤਿੰਨ ਹਜ਼ਾਰ ਤੋਂ ਵੱਧ ਨਿਰਦੋਸ਼ ਲੋਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ।
ਇਸ ਮੌਕੇ ਭਾਰਤ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ 600 ਤੋਂ ਵੱਧ ਕਿਸਾਨਾਂ ਨੂੰ ਵੀ ਨਮਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸ. ਕੁਲਵੰਤ ਸਿੰਘ ਖਹਿਰਾ ਨੇ ਜਪੁਜੀ ਸਹਿਬ ਜੀ ਦਾ ਪਾਠ ਕਰਕੇ ਅਰਦਾਸ ਉਪਰੰਤ ਕੀਤੀ। ਇਸ ਮੌਕੇ ਅਮੈਰਕਿਨ ਰਾਸ਼ਟਰੀ ਗੀਤ ਵੀ ਗਾਇਆ ਗਿਆ ਅਤੇ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਪਿੱਛੋਂ ਢਾਡੀ ਬਲਿਹਾਰ ਸਿੰਘ ਚੋਹਲਾ ਸਾਬ੍ਹ ਦੇ ਕਵੀਸ਼ਰੀ ਜਥੇ ਨੇ ਵਾਰਾਂ ਗਾਕੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਪੰਛੀ ਝਾਤ ਪਾਈ। ਯਮਲੇ ਜੱਟ ਦੇ ਲਾਡਲੇ ਸ਼ਗਿਰਦ ਰਾਜ ਬਰਾੜ ਨੇ ਇੱਕ ਇਨਕਲਾਬੀ ਗੀਤ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਨਿਰਮਲ ਸਿੰਘ ਧਨੌਲਾ, ਸਾਧੂ ਸਿੰਘ ਸੰਘਾ, ਰਣਜੀਤ ਗਿੱਲ, ਗੁਰਦੀਪ ਸ਼ੇਰਗਿੱਲ, ਹੈਰੀ ਮਾਨ, ਦਲਜੀਤ ਰਿਆੜ, ਹਰਜਿੰਦਰ ਢੇਸੀ, ਫਾਰਮਰ ਅਜੀਤ ਸਿੰਘ ਗਿੱਲ, ਹਾਕਮ ਸਿੰਘ ਢਿੱਲੋ, ਹਰਦੇਵ ਸਿੰਘ ਰਸੂਲਪੁਰ, ਰਾਜਕਰਨਬੀਰ ਸਿੰਘ, ਹਰਜਿੰਦਰ ਸਿੰਘ ਸੈਣੀ,ਰਾਜ ਕਿਸ਼ਨਪੁਰਾ, ਡਾ. ਅਰਜਨ ਸਿੰਘ ਜੋਸ਼ਨ, ਡਾ. ਚੰਨ , ਅਮਰੀਕ ਸਿੰਘ ਸੈਕਟਰੀ ਗੁਰਦਵਾਰਾ ਸਹਿਬ ਮਡੇਰਾ, ਮਲਕੀਤ ਸਿੰਘ ਕਿੰਗਰਾ ਆਦਿ ਨੇ ਇਨਕਲਾਬੀ ਕਵਿਤਾਵਾਂ ਅਤੇ ਤਕਰੀਰਾਂ ਨਾਲ ਹਾਜ਼ਰੀ ਭਰੀ। ਇਸ ਸਮਾਗਮ ਵਿੱਚ ਸੌਗੀ ਦੇ ਬਾਦਸ਼ਾਹ ਚਰਨਜੀਤ ਸਿੰਘ ਬਾਠ ਖ਼ਾਸ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਗੁਰਦਵਾਰਾ ਸਹਿਬ ਮਡੇਰਾ ਦੀ ਕਮੇਟੀ ਨੇ ਸ਼ਾਨਦਾਰ ਪ੍ਰਦਰਸ਼ਨੀ ਵੀ ਲਾਈ, ਜੋ ਕਿ ਲੋਕਾਂ ਲਈ ਖ਼ਾਸ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਿਕੰਦਰ ਸਿੰਘ ਚੀਮਾਂ, ਮਨਜਿੰਦਰ ਸਿੰਘ ਅਤੇ ਤਲਵਿੰਦਰ ਸਿੰਘ ਦੇ ਸਹਿਯੋਗ ਨਾਲ ਚਾਹ ਪਕੌੜਿਆ ਦਾ ਲੰਗਰ ਅਤੁੱਟ ਵਰਤਾਇਆ ਗਿਆ।