ਬਠਿੰਡਾ,10 ਸਤੰਬਰ2021:ਕਿਸਾਨ ਅੰਦੋਲਨ ਨੇ ਪੰਜਾਬ ’ਚ ਸਿਆਸੀ ਧਿਰਾਂ ਨੂੰ ਪੱਬਾਂ ਭਾਰ ਕਰ ਦਿੱਤਾ ਹੈ ਜੋ ਪਹਿਲਾਂ ਗੱਦੀ ਤੇ ਬੈਠਦਿਆਂ ਆਮ ਲੋਕਾਂ ਨੂੰ ਟਿੱਚ ਜਾਣਦੀਆਂ ਸਨ। ਇਹ ਕਿਸਾਨੀ ਬਚਾਉਣ ਲਈ ਮੈਦਾਨ ’ਚ ਨਿੱਤਰੇ ਕਿਸਾਨਾਂ ਦਾ ਅਸਰ ਹੈ ਜਿਸ ਨੇ ਸਿਆਸੀ ਕਲਾਬਾਜੀਆਂ ਲਾਉਣ ਵਾਲਿਆਂ ਦਾ ਗਰੂਰ ਤੋੜਿਆ ਹੈ। ਅੱਜ ਚੰਡੀਗੜ੍ਹ ’ਚ ਕਿਸਾਨ ਜੱਥੇਬੰਦੀਆਂ ਨੇ ਰਾਜਨੀਤਕ ਪਾਰਟੀਆਂ ਨੂੰ ਗੱਲਬਾਤ ਲਈ ਸੱਦਿਆ ਹੈ ਜਿੱਥੇ ਸਿਆਸੀ ਧਿਰਾਂ ਆਪਣੇ ਵਜੂਦ ਖਾਤਰ ’ਕਿਸਾਨ-ਕਿਸਾਨ’ ਦਾ ਰਾਗ ਅਲਾਪ ਰਹੀਆਂ ਸਨ। ਲੀਡਰਾਂ ਨੂੰ ਫਿਕਰ ਹੈ ਕਿ ਜੇਕਰ ਪੰਜਾਬ ਦਾ ਸਭ ਤੋਂ ਵੱਡਾ ਵੋਟ ਬੈਂਕ ਖਿਸਕ ਗਿਆ ਤਾਂ ਉਹ ਕਿਤੋਂ ਦੇ ਨਹੀਂ ਰਹਿਣਗੇ। ਪੰਜਾਬ ’ਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਿਆਸੀ ਧਿਰਾਂ ਕਿਸਾਨ ਸ਼ਕਤੀ ਅੱਗੇ ਨਤਮਸਤਕ ਹੋਈਆਂ ਹਨ। ਦਿੱਲੀ ਘੋਲ ਨੇ ਅਜਿਹਾ ਚੇਤੰਨ ਮਾਹੌਲ ਸਿਰਜਿਆ ਹੈ ਕਿ ਕਿਸਾਨੀ ਤੋਂ ਬਿਨਾਂ ਕਿਸੇ ਨੇਤਾ ਦੀ ਹੁਣ ਕੋਈ ਬਹੁਤੀ ਵੁੱਕਤ ਨਹੀਂ ਰਹੀ।
ਪਿੰਡਾਂ ਵਿੱਚ ਲੱਗੇ ਨੇਤਾਵਾਂ ਦੇ ਦਾਖਲਾ ਬੰਦ ਕਰਨ ਦੇ ਬੋਰਡਾਂ ਨੇ ਤਾਂ ਇੱਕ ਨਵੀਂ ਜਾਗ ਲਾਈ ਹੈ। ਜਦੋਂ ਵੀ ਕਿਸੇ ਪਾਰਟੀ ਦਾ ਆਗੂ ਪਿੰਡਾਂ ’ਚ ਪੁੱਜਦਾ ਹੈ ਤਾਂ ਕਿਸਾਨ ਜੱਥੇਬੰਦਕ ਵੰਡੀਆਂ ਨੂੰ ਪਾਸੇ ਰੱਖ ਕੇ ਭਰਿੰਡਾਂ ਵਾਂਗ ਇਕੱਠੇ ਹੋ ਜਾਂਦੇ ਹਨ। ਭਾਵੇਂ ਸੰਯੁਕਤ ਕਿਸਾਨ ਮੋਰਚਾ ਸਿਆਸੀ ਰੈਲੀਆਂ ਦੇ ਸਬੰਧ ’ਚ ਕੀ ਫੈਸਲਾ ਲੈਂਦਾ ਹੈ ਇਹ ਤਾਂ ਵਕਤ ਹੀ ਦੱਸੇਗਾ ਪਰ ਲੀਡਰਾਂ ਨੂੰ ਧੁੜਕੂ ਲੱਗਿਆ ਹੋਇਆ ਹੈ। ਦੱਸਣਯੋਗ ਹੈ ਕਿ ਮੋਗਾ ਲਾਠੀਚਾਰਜ ਤੋਂ ਬਾਅਦ ਅਕਾਲੀ ਦਲ ਲਈ ਤਾਂ ਜਨਤਕ ਤੌਰ ਤੇ ਵਿਚਰਨਾ ਔਖਾ ਹੋਇਆ ਪਿਆ ਹੈ। ਸ਼ੁਰੂਆਤੀ ਦੌਰ ’ਚ ਖੇਤੀ ਕਾਨੂੂੰਨਾਂ ਦੇ ਸੋਹਲੇ ਗਾਉਣ ਕਾਰਨ ਬਾਦਲ ਪ੍ਰੀਵਾਰ ਤਾਂ ਕਿਸਾਨਾਂ ਦੇ ਸਿੱਧੇ ਨਿਸ਼ਾਨੇ ਤੇ ਚੱਲ ਰਿਹਾ ਹੈ। ਪੰਜਾਬ ਦੇ ਪਿੰਡਾਂ ’ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਰੈਲੀਆਂ ਅਤੇ ਪ੍ਰੋਗਰਾਮਾਂ ਦੇ ਕੀਤੇ ਜਾ ਰਹੇ ਵਿਰੋਧ ਨੇ ਅਕਾਲੀ ਲੀਡਰਸ਼ਿੱਪ ਨੂੰ ਫਿਕਰਮੰਦ ਕੀਤਾ ਹੋਇਆ ਹੈ।
ਭਾਵੇਂ ਅਕਾਲੀ ਲੀਡਰ ਸਭ ਅੱਛਾ ਹੋਣ ਦਾ ਦਿਖਾਵਾ ਕਰਦੇ ਆ ਰਹੇ ਸਨ ਪਰ ਉਨ੍ਹਾਂ ਨੂੰ ਅੰਦਰੋ ਅੰਦਰੀ ਸਿਆਸੀ ਹੋਣੀ ਦਾ ਫਿਕਰ ਸਤਾ ਰਿਹਾ ਸੀ । ਵੱਡੀ ਗੱਲ ਹੈ ਕਿ ਸਿਆਸੀ ਆਗੂਆਂ ਨੂੰ ਤਾਂ ਪੇਂਡੂ ਲੋਕ ਵਿਆਹਾਂ ਤੇ ਭੋਗਾਂ ’ਤੇ ਵੀ ਸੱਦਣ ਤੋਂ ਗੁਰੇਜ ਕਰਨ ਲੱਗੇ ਸਨ ਜਦੋਂਕਿ ਅਕਾਲੀਆਂ ਦਾ ਸਮਾਜਿਕ ਸਮਾਗਮਾਂ ’ਚ ਸ਼ਾਮਲ ਹੋਣ ਦਾ ਟਰੈਕ ਰਿਕਾਰਡ ਬਾਕੀ ਸਿਆਸੀ ਪਾਰਟੀਆਂ ਨਾਲੋਂ ਵੱਖਰੀ ਕਿਸਮ ਦਾ ਹੀ ਰਿਹਾ ਹੈ। ਬਹੁਤੇ ਸਿਆਸੀ ਆਗੂਆਂ ਨੇ ਤਾਂ ਹੁਣ ਚੁੱਪ-ਚੁਪੀਤੇ ਵਿਚਰਨਾ ਸ਼ੁਰੂ ਕੀਤਾ ਹੋਇਆ ਹੈ। ਕਾਂਗਰਸੀ ਵਜ਼ੀਰ ਵੀ ਪਾਇਲਟ ਗੱਡੀ ਲਿਜਾਣ ਤੋਂ ਕਿਨਾਰਾ ਕਰਨ ਲੱਗੇ ਹਨ ਅਤੇ ਵਿਧਾਇਕ ਵੀ ਪਿੰਡਾਂ ’ਚ ਜਾਣ ਤੋਂ ਕੰਨੀ ਕਤਰਾਉਂਦੇ ਦਿਖਾਈ ਦਿੰਦੇ ਹਨ।
ਕਿਸਾਨਾਂ ਨੇ ਦੱਸਿਆ ਕਿ ਲੋਕ ਸਿਆਸੀ ਆਗੂਆਂ ਨੂੰ ਦੁਆ ਸਲਾਮ ਕਰਨੋਂ ਹਟ ਗਏ ਹਨ ਅਤੇ ਸਿਆਸਤ ਦੇ ਜੋਰ ਤੇ ਬਣੇ ਸਰਪੰਚਾਂ ਦੀ ਪੈਂਠ ਵੀ ਘਟੀ ਹੈ। ਪਿੰਡਾਂ ’ਚੋਂ ਸਿਆਸੀ ਪਾਰਟੀਆਂ ਦੇ ਝੰਡੇ ਗਾਇਬ ਹੋਏ ਹਨ ਅਤੇ ਕਿਸਾਨੀ ਝੰਡਿਆਂ ਦੀ ਪੈਂਠ ਬਣੀ ਹੈ। ਸਿਫਾਰਸ਼ ਨਾਲ ਸਿਆਸੀ ਨੇਤਾਵਾਂ ਨੂੰ ਆਪਣੇ ਸਮਾਰੋਹਾਂ ਵਿਚ ਬੁਲਾਉਣ ਵਾਲਿਆਂ ਦੇ ਹੀਰੋ ਹੁਣ ਕਿਸਾਨ ਆਗੂ ਬਣ ਗਏ ਹਨ। ਪਿੱਛੇ ਜਿਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਜਦੋਂ ਪਿੰਡਾਂ ਦਾ ਦੌਰਾ ਕੀਤਾ ਸੀ ਤਾਂ ਨੌਜਵਾਨਾਂ ਨੇ ਉਨ੍ਹਾਂ ਨਾਲ ਸੈਲਫੀਆਂ ਲਈਆਂ ਜੋ ਬਦਲੇ ਦਿਨਾਂ ਦਾ ਸੂਚਕ ਹੈ।
ਲੀਡਰਾਂ ਨੂੰ ਪੁਰਾਣੀ ਤਵੱਜੋ ਨਹੀਂ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਬੂਟਾ ਸਿੰਘ ਭੁੱਲਰ ਗਹਿਰੀ ਭਾਗੀ ਦਾ ਕਹਿਣਾ ਸੀ ਕਿ ਪਹਿਲੀ ਗੱਲ ਤਾਂ ਕੋਈ ਲੀਡਰ ਪਿੰਡਾਂ ’ਚ ਆਉਣ ਮੌਕੇ ਸੌ ਵਾਰ ਸੋਚਦਾ ਹੈ। ਉਨ੍ਹਾਂ ਆਖਿਆ ਕਿ ਫਿਰ ਵੀ ਜੇਕਰ ਵਿਆਹ ਜਾਂ ਭੋਗ ਸਮਾਗਮ ਆਦਿ ਮੌਕੇ ਕੋਈ ਭੁੱਲਾ ਭਟਕਿਆ ਸਿਆਸੀ ਨੇਤਾ ਆਉਂਦਾ ਹੈ ਤਾਂ ਪਹਿਲਾਂ ਵਾਂਗ ਉਸ ਦੁਆਲੇ ਇਕੱਠ ਨਹੀਂ ਜੁੜਦਾ ਹੈ। ਉਨ੍ਹਾਂ ਦੱਸਿਆ ਕਿ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਅਸਤੀਫੇ ਤੋਂ ਬਾਅਦ ਅਕਾਲੀ ਆਗੂਆਂ ਵੱਲੋਂ ਸ਼ੁਰੂ ‘ਕੁਰਬਾਨੀ ਮੁਹਿੰਮ ਨੂੰ ਪਿੰਡਾਂ ’ਚ ਹੁੰਗਾਰਾ ਨਹੀਂ ਮਿਲਿਆ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ‘ਖੇਤਾਂ ਦੇ ਰਾਖੇ’ ਵਜੋਂ ਪ੍ਰਚਾਰਨ ਦੀ ਮੁਹਿੰਮ ਵੀ ਮੂੱਧੇ ਮੂੰਹ ਡਿੱਗੀ ਸੀ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵੀ ਪਹਿਲਾਂ ਵਾਲੀ ਤਵੱਜੋ ਨਹੀਂ ਦਿੱਤੀ ਜਾਂਦੀ ਹੈ।
ਕਿਸਾਨ ਘੋਲ ਕਾਰਨ ਚੇਤਨਾ ਦਾ ਪਸਾਰਾ
ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾਕਟਰ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਕਿਸਾਨ ਘੋਲ ਨਾਲ ਸਮਾਜਿਕ ਚੇਤਨਾ ਦਾ ਪਸਾਰਾ ਹੋਇਆ ਹੈ ਜਿਸ ਨਾਲ ਲੋਕਾਂ ’ਚ ਸਿਆਸੀ ਤਾਣੇ-ਬਾਣੇ ਖਿਲਾਫ ਆਵਾਜ਼ ਬੁਲੰਦ ਕਰਨ ਦੀ ਹਿੰਮਤ ਵਧੀ ਹੈ। ਉਨ੍ਹਾਂ ਆਖਿਆ ਕਿ ਲੋਕ ਸਮਝ ਗਏ ਹਨ ਕਿ ਲੋਕ ਰਾਜ ਦਾ ਮਖੌਲ ਸਿਆਸੀ ਲੋਕਾਂ ਨੇ ਹੀ ਬਣਾ ਇਆ ਹੈ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਨੂੰ ਪਤਾ ਲੱਗ ਗਿਆ ਹੈ ਕਿ ਆਮ ਲੋਕ ਵੀ ਵੱਡੇ ਵੱਡੇ ਸੁਆਲ ਖੜ੍ਹੇ ਕਰਨ ਦੀ ਸੋਝੀ ਰੱਖਣ ਲੱਗੇ ਹਨ ਜੋਕਿ ਲੀਡਰਾਂ ਦੀ ਹੈਸੀਅਤ ਨੂੰ ਸਿੱਧੀ ਚੁਣੌਤੀ ਹੈ। ਉਨ੍ਹਾਂ ਆਖਿਆ ਕਿ ਕਿਸਾਨ ਘੋਲ ਨੇ ਸਿਆਸੀ ਪਾਰਟੀਆਂ ਨੂੰ ਲੋਕ ਪੱਖ ਵੱਲ ਮੋੜਾ ਕੱਟਣਾ ਪਵੇਗਾ ਨਹੀਂ ਤਾਂ ਕਿਸਾਨ ਅੰਦੋਲਨ ਦੀ ਲੱਗੀ ਜਾਗ ਵੱਡੇ ਵੱਡੇ ਸਿਆਸੀ ਧੁੰਨਤਰਾਂ ਦੀ ਨਂਦ ਉਡਾਉਣ ਦੇ ਸਮਰੱਥ ਹੋ ਗਈ ਹੈ।