ਬਰਨਾਲਾ, 10 ਸਤੰਬਰ2021-ਪੰਜਾਬ ਸਰਕਾਰ ਵਿਰੁੱਧ ਆਪਣੀਆਂ ਮੰਗਾ ਨੂੰ ਲੈ ਕੇ ਹਰ ਵਰਗ ਪ੍ਰਦਰਸ਼ਨ ਕਰ ਰਿਹਾ ਹੈ। ਹੁਣ ਏਡਿਡ ਕਾਲਜ਼ਾਂ ਦੇ ਅਧਿਆਪਕ ਵੀ ਪੇ-ਕਮਿਸ਼ਨ ਸਬੰਧੀ ਪ੍ਰਦਰਸ਼ਨ ਕਰ ਰਹੇ ਹਨ। ਬਰਨਾਲਾ ਦੇ ਐਸਡੀ ਕਾਲਜ ਵਿੱਚ ਪ੍ਰੋਫ਼ੈਸਰਾਂ ਵਲੋਂ ਪੰਜਾਬ ਸਰਕਾਰ ਤੋਂ ਪੇ- ਕਮਿਸ਼ਨ ਲੈਣ ਲਈ ਹੜਤਾਲ ਕਰਕੇ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਕਿਹਾ ਕਿ ਉਹਨਾਂ ਦਾ ਸੰਘਰਸ਼ ਪੰਜਾਬ ਪੱਧਰ ‘ਤੇ ਚੱਲ ਰਿਹਾ ਹੈ। ਪੰਜਾਬ ਯੂਨੀਵਰਸਿਟੀ ਵਿੱਚ ਉਹਨਾਂ ਦੇ ਸਾਥੀ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਵੀ ਕਰ ਰਹੇ ਹਨ।
ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਪ੍ਰਦਰਸ਼ਨਕਾਰੀ ਪ੍ਰੋਫੈਸਰ ਬਹਾਦਰ ਸਿੰਘ, ਪ੍ਰੋਫੈਸਰ ਰਿੱਤੂ ਅੱਗਰਵਾਲ ਅਤੇ ਪ੍ਰੋਫੈਸਰ ਸ਼ੋਇਬ ਜ਼ਫ਼ਰ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਸੱਤਵਾਂ ਪੇ ਕਮਿਸ਼ਨ ਲੈਣ ਲਈ ਉਹਨਾਂ ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਸੰਘਰਸ਼ ਦਾ ਮੁੱਢ ਪੰਜਾਬ ਯੂਨੀਵਰਸਿਟੀ ਤੋਂ ਚੱਲ ਰਿਹਾ ਹੈ। ਜਿਥੇ ਉਹਨਾਂ ਦੇ ਸਾਥੀ ਪੇ ਕਮਿਸ਼ਨ ਲੈਣ ਲਈ ਭੁੱਖ ਹੜਤਾਲ ਕਰ ਰਹੇ ਹਨ। ਇਸ ਸੰਘਰਸ਼ ਨੂੰ ਸਮਰੱਥਨ ਦੇਣ ਲਈ ਜਿਲ਼੍ਹਾ ਪੱਧਰ ਤੇ ਵੀ ਸੰਘਰਸ਼ ਸ਼ੁਰੂ ਕੀਤਾ ਗਿਆ ਹੈ। ਜਿਸ ਤਹਿਤ ਉਹਨਾਂ ਵਲੋਂ ਰੋਜ਼ਾਨਾਂ ਇੱਕ ਘੰਟੇ ਲਈ ਹੜਤਾਲ ਕਰਕੇ ਪੰਜਾਬ ਸਰਕਾਰ ਤੋਂ ਪੇ ਕਮਿਸ਼ਨ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਅਜੇ ਵੀ ਪੇ ਕਮਿਸ਼ਨ ਨਾ ਦਿੱਤਾ ਗਿਆ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ ਅਤੇ ਲੋੜ ਪਈ ਤਾਂ ਜਿਲ੍ਹਾ ਪੱਧਰ ਤੇ ਭੁੱਖ ਹੜਤਾਲ ਕਰਨ ਤੋਂ ਪਿੱਛੇ ਨਹੀਂ ਹਟਾਂਗੇ।