ਫਾਜ਼ਿਲਕਾ 15 ਜੂਨ : ਜ਼ਿਲ੍ਹਾ ਪੁਲਿਸ ਵੱਲੋਂ ਗੈਰ ਸਮਾਜੀ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਰਾਜਸਥਾਨ ਤੋਂ ਪੰਜਾਬ ਅੰਦਰ ਦਾਖ਼ਲ ਹੋਏ ਕੈਂਟਰ ਰਾਹੀਂ ਲਿਆਂਦੇ ਜਾ ਰਹੇ 70 ਕਿਲੋ ਚੂਰਾ ਪੋਸਤ ਸਮੇਤ 2 ਕਥਿਤ ਦੋਸ਼ੀ ਪੁਲਿਸ ਨੇ ਕਾਬੂ ਕਰ ਲਏ ।
ਸੀਨੀਅਰ ਪੁਲਸ ਕਪਤਾਨ ਫਾਜ਼ਿਲਕਾ ਸਰਦਾਰ ਹਰਜੀਤ ਸਿੰਘ ਆਈ ਪੀ ਐੱਸ ਦੇ ਦਫ਼ਤਰ ਦੀ ਜਾਣਕਾਰੀ ਅਨੁਸਾਰ
ਪੁਲਸ ਥਾਣਾ ਖੂਈਆਂ ਸਰਵਰ ਅਧੀਨ ਪਿੰਡ ਦੌਲਤਪੁਰਾ ਦੇ ਖੇਤਰ ਵਿੱਚ ਸ਼ਾਮ 3.55 ਵਜੇ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਵੱਲੋਂ ਕੈਂਟਰ ਨੰਬਰ pb05ak0242 ਨੂੰ ਰੋਕਿਆ ਗਿਆ ।
ਕੈਂਟਰ ਦੀ ਤਲਾਸ਼ੀ ਐੱਸ ਐੱਚ ਓ ਖੂਈਆਂ ਸਰਵਰ ਸੁਨੀਲ ਕੁਮਾਰ ਸਬ ਇੰਸਪੈਕਟਰ ਦੀ ਨਿਗਰਾਨੀ ਹੇਠ ਲਈ ਗਈ ਤਾਂ ਕੈਂਟਰ ਵਿਚੋਂ 70 ਕਿੱਲੋ ਚੂਰਾ ਪੋਸਤ ਬਰਾਮਦ ਹੋਇਆ । ਇਹ ਨਸ਼ੀਲਾ ਪਦਾਰਥ ਪੰਜਾਬ ਅੰਦਰ ਸਮੱਗਲ ਕਰਕੇ ਲਿਆਂਦਾ ਜਾ ਰਿਹਾ ਸੀ ।
ਇਸ ਸਬੰਧੀ ਪੁਲਸ ਥਾਣਾ ਖੂਈਆਂ ਸਰਵਰ ਵਿੱਚ ਐਨ ਡੀ ਪੀ ਐਸ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਚੂਰਾ ਪੋਸਤ ਲਿਆ ਰਹੇ ਸ਼ੰਕਰ ਲਾਲ ਪੁੱਤਰ ਰੂੜਾ ਰਾਮ ਵਾਸੀ ਆਲਮਗੜ ਅਤੇ ਵਿਜੇ ਕੁਮਾਰ ਪੁੱਤਰ ਰਜਿੰਦਰ ਕੁਮਾਰ ਵਾਸੀ ਮੌਜਗੜ੍ਹ ਤਹਿਸੀਲ ਅਬੋਹਰ ਨੂੰ ਗ੍ਰਿਫ਼ਤਾਰ ਕੀਤਾ ਹੈ ।
ਪੁਲਸ ਵੱਲੋਂ ਦੋਸ਼ੀਆਂ ਦਾ ਰਿਮਾਂਡ ਪ੍ਰਾਪਤ ਕਰਕੇ ਹੋਰ ਸੁਰਾਗ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ ।