ਮਲੇਰਕੋਟਲਾ 3 ਸਤੰਬਰ 2021 – ਮਲੇਰਕੋਟਲਾ ਵਿਧਾਨ ਸਭਾ ਹਲਕੇ ਦੇ 56 ਪਿੰਡਾਂ ਦੀਆਂ ਪੰਚਾਇਤਾਂ ਨੂੰ ਸਾਫ਼ ਸੁਥਰਾ ਬਣਾਉਣ ਲਈ ਠੋਸ ਤੇ ਤਰਲ ਕੂੜੇ ਅਤੇ ਗੰਦੇ ਪਾਣੀ ਦੇ ਸੁਰੱਖਿਅਤ ਪ੍ਰਬੰਧਨ ਲਈ ਹਰਜਿੰਦਰਾ ਪੈਲੇਸ ਪਿੰਡ ਸੰਦੌੜ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਉਪ ਮੰਡਲ ਇੰਜੀਨੀਅਰ ਸ੍ਰੀ ਸਰਬਜੀਤ ਸਿੰਘ ਜਾਣਕਾਰੀ ਦਿੱਤੀ ।
ਇਹ ਪ੍ਰੋਗਰਾਮ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਦੇ ਉੱਦਮ ਸਦਕਾ ਨੇਪਰੇ ਚਾੜ੍ਹਿਆ ਗਿਆ। ਇਸ ਪ੍ਰੋਗਰਾਮ ਵਿਚ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਦੀ ਰਹਿਨੁਮਾਈ ਹੇਠ ਉਪਰੋਕਤ ਪਿੰਡਾਂ ਦੇ ਸਰਪੰਚਾਂ ਨੇ ਹਿੱਸਾ ਲਿਆ।
ਇਸ ਪ੍ਰੋਗਰਾਮ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਦਫ਼ਤਰ ਤੋਂ ਸਰਬਜੀਤ ਸਿੰਘ ਉਪ ਮੰਡਲ ਇੰਜੀਨੀਅਰ ਅਤੇ ਮੈਡਮ ਸੇਵੀਆ ਸ਼ਰਮਾ ਵੱਲੋਂ ਪਿੰਡਾਂ ਵਿੱਚ ਸਵੱਛ ਭਾਰਤ ਮਿਸ਼ਨ (ਗਰਾਮੀਣ) ਭਾਗ-2 ਤਹਿਤ ਕੀਤੇ ਜਾਣ ਵਾਲੇ ਕੰਮ ਜਿਵੇਂ ਕਿ ਸਾਂਝੇ ਪਖਾਨਿਆਂ ਦੀ ਉਸਾਰੀ, ਛੱਪੜਾਂ ਦਾ ਨਵੀਨੀਕਰਨ, ਗਿੱਲੇ ਅਤੇ ਸੁੱਕੇ ਕੂੜੇ ਦਾ ਸੁਰੱਖਿਅਤ ਪ੍ਰਬੰਧਨ ਕਰਨ ਬਾਰੇ ਜਾਗਰੂਕ ਕੀਤਾ ਗਿਆ। ਇਹ ਕੰਮ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਨਾਲ ਮਿਲ ਕੇ ਕੀਤੇ ਜਾਣੇ ਹਨ।
ਕਾਬਲੇ-ਗ਼ੌਰ ਹੈ ਕਿ ਵਿਧਾਨ ਸਭਾ ਹਲਕਾ ਮਲੇਰਕੋਟਲਾ ਦੇ 56 ਪਿੰਡਾਂ ਵਿੱਚ ਹਰ ਘਰ ਨਲ-ਹਰ ਘਰ ਜਲ ਤਹਿਤ ਪਹਿਲਾਂ ਹੀ ਟੀਚਾ ਪ੍ਰਾਪਤ ਕੀਤਾ ਜਾ ਚੁੱਕਾ ਹੈ। 56 ਪਿੰਡਾਂ ਵਿੱਚੋਂ 24 ਪਿੰਡਾਂ ਵਿੱਚ ਗੰਦੇ ਪਾਣੀ ਦੇ ਨਿਕਾਸ ਲਈ ਛੱਪੜਾਂ ਦੇ ਨਵੀਨੀਕਰਨ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ 121.80 ਲੱਖ ਰੁਪਏ ਪੰਚਾਇਤੀ ਵਿਭਾਗ ਨੂੰ ਟਰਾਂਸਫ਼ਰ ਕੀਤੇ ਗਏ ਸਨ ਅਤੇ 2 ਪਿੰਡਾਂ ‘ਚ 26.99 ਲੱਖ ਰੁਪਏ ਦੀ ਲਾਗਤ ਨਾਲ ਛੱਪੜਾਂ ਦਾ ਨਵੀਨੀਕਰਨ ਕੀਤਾ ਗਿਆ ਹੈ। ਬਾਕੀ ਰਹਿੰਦੇ 30 ਪਿੰਡਾਂ ਵਿੱਚ ਸਵੱਛ ਭਾਰਤ ਮਿਸ਼ਨ ਤਹਿਤ 73.02 ਲੱਖ ਰੁਪਏ ਪੰਚਾਇਤੀ ਵਿਭਾਗ ਨੂੰ ਟਰਾਂਸਫ਼ਰ ਕਰ ਦਿੱਤੇ ਗਏ ਹਨ।
56 ਪਿੰਡਾਂ ਵਿੱਚ ਹਰ ਘਰ ਵਿੱਚ ਪਖਾਨੇ ਦੀ ਸੁਵਿਧਾ ਮੌਜੂਦ ਹੈ ਅਤੇ ਇਨ੍ਹਾਂ ਪਿੰਡਾਂ ਨੂੰ ਸ਼ੌਚ ਮੁਕਤ (ਓ.ਡੀ.ਐਫ.) ਘੋਸ਼ਿਤ ਕੀਤਾ ਗਿਆ ਹੈ। ਹੁਣ ਇਨ੍ਹਾਂ ਪਿੰਡਾਂ ਵਿੱਚ ਠੋਸ ਕੁੜੇ ਦਾ ਪ੍ਰਬੰਧਨ ਕਰਕੇ ਇਨ੍ਹਾਂ ਪਿੰਡਾਂ ਨੂੰ ਓ.ਡੀ.ਐਫ.ਪਲੱਸ ਘੋਸ਼ਿਤ ਕੀਤਾ ਜਾਵੇਗਾ।
ਇਸ ਮੌਕੇ ਐਸ.ਡੀ.ਐਮ ਟੀ ਬੈਨਿਥ, ਕਰਮਜੀਤ ਸਿੰਘ ਚੇਅਰਮੈਨ ਬਲਾਕ ਸੰਮਤੀ ਮਲੇਰਕੋਟਲਾ-2, ਜਸਵਿੰਦਰ ਕੌਰ ਚੇਅਰਪਰਸਨ ਬਲਾਕ ਸੰਮਤੀ ਮਲੇਰਕੋਟਲਾ-1 ਮੌਜੂਦ ਰਹੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਿੰਪੀ ਗਰਗ ਡੀ.ਡੀ.ਪੀ.ਓ. ਮਲੇਰਕੋਟਲਾ, ਬੀ.ਡੀ.ਪੀ.ਓ. ਮਲੇਰਕੋਟਲਾ-1, ਬੀ.ਡੀ.ਪੀ.ਓ. ਮਲੇਰਕੋਟਲਾ-2, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਹਰਭਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ, ਹਨੀ ਗੁਪਤਾ ਉਪ ਮੰਡਲ ਇੰਜੀਨੀਅਰ, ਹਰਿੰਦਰ ਕੁਮਾਰ ਉਪ ਮੰਡਲ ਇੰਜੀਨੀਅਰ, ਜੋਗਿੰਦਰ ਸਿੰਘ ਉਪ ਮੰਡਲ ਇੰਜੀਨੀਅਰ ਅਤੇ ਸਾਰੇ ਸਹਾਇਕ ਇੰਜੀਨੀਅਰ ਅਤੇ ਜੂਨੀਅਰ ਇੰਜੀਨੀਅਰ ਹਾਜ਼ਰ ਸਨ।