ਔਕਲੈਂਡ 02 ਸਤੰਬਰ, 2021 – ਨਿਊਜ਼ੀਲੈਂਡ ’ਚ ਕੋਵਿਡ-19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 49 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਮੌਜੂਦਾ ਆਕਲੈਂਡ ਕਮਿਊਨਿਟੀ ਦੇ ਤਾਜ਼ਾ ਪ੍ਰਕੋਪ ਨਾਲ ਜੁੜੇ ਮਾਮਲਿਆਂ ਦੀ ਕੁੱਲ ਗਿਣਤੀ 736 ਹੋ ਗਈ ਹੈ। ਆਈਸੋਲੇਸ਼ਨ ਵਿਚ ਰਹਿ ਰਹੇ ਲੋਕਾਂ ਵਿੱਚੋਂ ਵੀ 4 ਕੇਸ ਆਏ ਹਨ। ਸਰਕਾਰ ਭਾਵੇਂ ਹਰ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਕਿ ਜੇਕਰ ਤੁਹਾਨੂੰ ਕਰੋਨਾ ਦਾ ਸ਼ੱਕ ਹੋ ਗਿਆ ਹੈ ਤਾਂ ਤੁਰੰਤ ਤੁਸੀਂ ਆਪਣੇ ਆਪ ਨੂੰ ਏਕਾਂਤਵਾਸ ਕਰ ਲਓ ਅਤੇ ਕੋਵਿਡ ਦਾ ਟੈਸਟ ਕਰਵਾ ਲਓ। ਕੋਵਿਡ ਪਾਜ਼ੇਟਿਵ ਹੋਣ ਉਤੇ ਸਰਕਾਰ ਤੁਹਾਨੂੰ ਸਲਾਹ ਦੇਵੇਗੀ ਕਿ ਤੁਸੀਂ ਕਿੱਥੇ ਰਹਿਣਾ ਹੈ।
ਪ੍ਰਾਹੁਣੇ ਕਿ ਕਲਹਿਣੇ: ਸਰਕਾਰ ਦੇ ਸਾਰਥਿਕ ਯਤਨਾਂ ਦੇ ਬਾਵਜੂਦ ਬੀਤੀ ਰਾਤ 1 ਵਜੇ ਏਲਰਸਲੀ ਇਲਾਕੇ ਦੇ ਇਕ ਆਈਸੋਲੇਸ਼ਨ ਵਾਲੇ ਹੋਟਲ ਵਿਚੋਂ ਇਕ ਵਿਅਕਤੀ ਕਿਸੀ ਤਰ੍ਹਾਂ ਫੈਂਸ (ਲੱਕੜੀ ਦੀ ਵਗਲ) ਟੱਪ ਕੇ ਬਾਹਰ ਭੱਜ ਗਿਆ। ਉਸਨੂੰ ਪਹਿਲਾਂ ਕਿਹਾ ਗਿਆ ਸੀ ਕਿ ਉਹ ਆਪਣੇ ਘਰ ਏਕਾਂਤਵਾਸ ਵਿਚ ਰਹੇ , ਪਰ ਉਸਨੇ ਕਰੋਨਾ ਸ਼ਰਤਾਂ ਨੂੰ ਤੋੜਿਆ ਜਿਸ ਕਰਕੇ ਪੁਲਿਸ ਨੇ ਉਸਨੂੰ ਮੈਨੇਜਡ ਆਈਸੋਲੇਸ਼ਨ ਸਹੂਲਤ ਦੇ ਵਿਚ ਪਹੁੰਚਾਇਆ ਸੀ ਪਰ ਉਹ ਕਿੱਥੇ ਟਿਕ ਕੇ ਬੈਠਣ ਵਾਲਾ।
ਉਹ ਉਥੋਂ ਰਾਤ 1 ਵਜੇ ਚਕਮਾ ਦੇ ਕੇ ਭੱਜ ਗਿਆ ਅਤੇ ਉਸਨੂੰ ਲਗਪਗ 12 ਘੰਟਿਆ ਬਾਅਦ ਪੁਲਿਸ ਨੇ ਕਿਸੀ ਤਰ੍ਹਾਂ ਉਸਨੂੰ ਉਟਾਹੂਹੂ ਸ਼ਹਿਰ ਤੋਂ ਫੜਿਆ। ਫੜ੍ਹਨ ਵੇਲੇ ਉਹ ਪੁਲਿਸ ਨੂੰ ਗਾਲਾਂ ਕੱਢਦਾ ਰਿਹਾ ਅਤੇ ਕਹਿ ਰਿਹਾ ਸੀ ਕਿ ਉਸਨੂੰ ਕਰੋਨਾ ਦੇ ਕੋਈ ਲੱਛਣ ਨਹੀਂ ਹਨ। ਉਸਨੇ ਕਿਹਾ ਕਿ ਉਹ ਪੂਰੀ ਰਾਤ 10 ਕਿਲੋਮੀਟਰ ਪੈਦਲ ਚੱਲ ਕੇ ਠੰਡ ਵਿਚ ਆਪਣੇ ਘਰ ਪਹੁੰਚਿਆ ਹੈ ਅਤੇ ਫਿਰ ਵੀ ਠੀਕ ਹੈ, ਜਦ ਕਿ ਪਤਾ ਲੱਗਾ ਹੈ ਕਿ ਉਸਨੂੰ ਉਸਦਾ ਦੋਸਤ ਕਾਰ ਵਿਚ ਲੈ ਆਇਆ ਸੀ। ਅੱਜ ਇਸਨੂੰ ਵੀਡੀਓ ਲਿੰਕ ਰਾਹੀਂ ਅਦਾਲਤ ਦੇ ਸਨਮੁੱਖ ਕੀਤਾ ਗਿਆ ਜਿੱਥੇ ਉਸਦੀ ਜ਼ਮਾਨਤ ਹੋਈ ਅਤੇ ਐਮ. ਆਈ. ਕਿਊ ਦੇ ਵਿਚ ਰੱਖਣ ਲਈ ਕਿਹਾ ਗਿਆ। ਕਰੋਨਾ ਨਿਯਮਾਂ ਦੀ ਉਲੰਘਣਾ ਸਬੰਧੀ ਪੁਲਿਸ ਨੇ ਉਸ ਉਤੇ ਦੋਸ਼ ਆਇਦ ਕੀਤੇ ਹਨ। ਇਹ ਵਿਅਕਤੀ ਕਰੋਨਾ ਪਾਜ਼ੇਟਿਵ ਦੱਸਿਆ ਜਾਂਦਾ ਹੈ ਅਤੇ ਇਹ ਆਈਸੋਲੇਸ਼ਨ ਦੇ ਵਿਚੋਂ ਭੱਜਣ ਬਾਅਦ ਕਿੱਥੇ-ਕਿੱਥੇ ਗਿਆ, ਅਜੇ ਸਪਸ਼ਟ ਨਹੀਂ ਹੈ ਜਿਸ ਕਰਕੇ ਕਮਿਊਨਿਟੀ ਦੇ ਵਿਚ ਕਰੋਨਾ ਵਧਣ ਦਾ ਨਵਾਂ ਖਤਰਾ ਪੈਦਾ ਹੋ ਗਿਆ ਹੈ।
ਇਸੀ ਤਰ੍ਹਾਂ ਦੀ ਇਕ ਹੋਰ ਘਟਨਾ ਨੋਵੋਟੈਲ ਹੋਟਲ ਦੇ ਆਈਸੋਲੇਸ਼ਨ ਸਹੂਲਤ ਵਿਚ ਹੋਈ ਜਿੱਥੇ ਇਕ ਬੀਬੀ ਇਸ ਗੱਲ ਤੋਂ ਖਿਝ ਗਈ ਕਿ ਉਸਦੇ ਬੱਚਿਆਂ ਲਈ ਦਿੱਤਾ ਗਿਆ ਪੀਜ਼ਾ ਇੰਝ ਸੀ ਜਿਵੇਂ ਕਿਸੇ ਨਾ ਖਾਧਾ ਹੋਵੇ। ਉਸਨੇ ਅੱਧਾ ਕੁ ਮਾਸਕ ਪਹਿਨਿਆ ਸੀ ਅਤੇ ਉਹ ਹੋਟਲ ਸਟਾਫ, ਰਿਸੈਪਸ਼ਨ ਸਟਾਫ ਉਤੇ ਖੂਬ ਗਰਮ ਹੋ ਗਈ। ਹੋਟਲ ਸਟਾਫ ਨੂੰ ਸ਼ੱਕ ਹੈ ਕਿ ਉਸਨੇ ਕਰੋਨਾ ਦੇ ਰੋਗਾਣੂ ਇਧਰ-ਉਧਰ ਜਰੂਰ ਖਿਲਾਰੇ ਹੋਣਗੇ। ਖਤਰੇ ਨੂੰ ਵੇਖਦਿਆਂ ਕੁਝ ਸਟਾਫ ਕੰਮ ’ਤੇ ਵੀ ਨਹੀਂ ਆਇਆ। ਮੈਨੇਜਰ ਨੇ ਸਪਸ਼ਟੀਕਰਣ ਦੇ ਦਿੱਤਾ ਕਿ ਪੀਜ਼ਾ ਡਿਲਵਰੀ ਵੇਲੇ ਜਾਂ ਤਰੀਕੇ ਨਾਲ ਪਲੇਟ ਵਿਚ ਟਿਕਾਉਣ ਵੇਲੇ, ਹੋ ਸਕਦਾ ਹੈ ਕਿ ਪੀਜ਼ਾ ਥੋੜ੍ਹਾ ਨੁਕਸਾਨਿਆ ਗਿਆ ਹੋਵੇ, ਪਰ ਉਸ ਬੀਬੀ ਨੇ ਗਾਲਾਂ ਦੀ ਬਰਸਾਤ ਹੀ ਲਾ ਦਿੱਤੀ। ਉਸਦੀ ਮੰਗ ਅਨੁਸਾਰ ਉਸਨੂੰ ਕਿਸੇ ਹੋਰ ਜਗ੍ਹਾ ਤਬਦੀਲ ਕੀਤਾ ਗਿਆ। ਇਹ ਤਬਦੀਲੀ ਵੀ ਨਿਯਮਾਂ ਦੀ ਉਲੰਘਣਾ ਹੋ ਸਕਦੀ ਹੈ ਕਿਉਂਕਿ ਕਰੋਨਾ ਪਾਜ਼ੇਟਿਵ ਮਰੀਜ਼ ਨੂੰ ਹੋਰ ਜਗ੍ਹਾ ਨਹੀਂ ਲਿਜਾਇਆ ਜਾਂਦਾ ਕਿਉਂਕਿ ਕਿਸੀ ਦੂਸਰੇ ਬਬਲ ਵਿਚ ਜਾਣ ਨਾਲ ਕਰੋਨਾ ਫੈਲਣ ਦਾ ਖਤਰਾ ਹੋਰ ਪੈਦਾ ਹੋ ਸਕਦਾ ਹੈ।