ਔਕਲੈਂਡ 01 ਸਤੰਬਰ, 2021-ਨਿਊਜ਼ੀਲੈਂਡ ਦੇ ਵਿਚ ਕਰੋਨਾ ਕੇਸਾਂ ਦੀ ਲੜੀ ਇਕ ਦਿਨ ਘਟਣ ਤੋਂ ਬਾਅਦ ਦੁਬਾਰਾ ਰਫਤਾਰ ਫੜਨ ਲੱਗੀ ਹੈ। ਪਿਛਲੇ 24 ਘੰਟਿਆਂ ਦੇ ਵਿਚ ਹੁਣ 75 ਹੋਰ ਨਵੇਂ ਕੇਸ ਦਰਜ ਕੀਤੇ ਗਏ ਹਨ। ਇਕ ਕੇਸ ਵਲਿੰਗਟਨ ਵਿਖੇ ਆਇਆ ਹੈ ਜਿੱਥੇ ਅੱਜ ਤੋਂ ਕਰੋਨਾ ਤਾਲਬੰਦੀ ਪੱਧਰ 4 ਤੋਂ 3 ਕੀਤਾ ਗਿਆ ਹੈ। ਇਹ ਉਹ ਕੇਸ ਸੀ ਜੋ ਕਿ ਪਹਿਲਾਂ ਹੀ ਕਿਸੇ ਘਰ ਵਿਚ ਰਹੇ ਕਰੋਨਾ ਪਾਜ਼ੇਟਿਵ ਆਉਣ ਵਾਲੇ ਨਾਲ ਸਬੰਧ ਰੱਖਦਾ ਹੈ। ਇਸਦਾ ਪਹਿਲਾਂ ਤਿੰਨ ਵਾਰ ਨਤਾਜਾ ਨੈਗੇਟਿਵ ਆਇਆ ਸੀ। ਕਰੋਨਾ ਕੇਸਾਂ ਦੇ ਵਿਚ ਆਇਆ ਉਛਾਲ ਸਿਹਤ ਮਹਿਕਮੇ ਲਈ ਹੈਰਾਨੀਜਨਕ ਨਹੀਂ ਹੈ।
ਇਸ ਦੇ ਨਾਲ ਹੀ 40 ਸੁਪਰ ਮਾਰਕੀਟਾਂ ਵੀ ਸ਼ੱਕੀ ਹਾਲਤ ਵਿਚ ਆ ਗਈਆਂ ਹਨ ਜਿੱਥੇ ਕਰੋਨਾ ਪਾਜੇਟਿਵ ਮਰੀਜ਼ ਘੁੰਮ ਚੁੱਕੇ ਹਨ। 32 ਲੋਕ ਇਸ ਵੇਲੇ ਹਸਪਤਾਲ ਦਾਖਲ ਹਨ ਅਤੇ 8 ਲੋਕ ਆਈ. ਸੂ. ਯੂ. ਦੇ ਵਿਚ ਹਨ। ਤਿੰਨ ਲੋਕ ਵੈਂਟੀਲੇਟਰ ਉਤੇ ਚੱਲ ਰਹੇ ਹਨ। ਕੱਲ੍ਹ 22,000 ਟੈਸਟ ਕੀਤੇ ਗਏ ਸਨ। 54% ਲੋਕਾਂ ਨੂੰ ਘੱਟੋ-ਘੱਟ ਇਕ ਟੀਕਾ ਲੱਗ ਚੁੱਕਾ ਹੈ। 65 ਤੋਂ ਉਪਰ ਵਾਲਿਆਂ ਚੋਂ 85% ਨੂੰ ਘੱਟੋ-ਘੱਟ ਇਕ ਟੀਕਾ ਲੱਗ ਗਿਆ ਹੈ। 37% ਮਾਓਰੀ ਲੋਕਾਂ ਨੂੰ ਅਤੇ 47% ਪੈਸੇਫਿਕ ਲੋਕਾਂ ਨੂੰ ਘੱਟੋ-ਘੱਟ ਇਕ ਟੀਕਾ ਲੱਗ ਚੁੱਕਾ ਹੈ। ਕੁੱਲ ਕੇਸ 687 ਹੋ ਗਏ ਹਨ।
ਐਮ. ਆਈ. ਕਿਊ. (ਮੈਨੇਜ਼ਡ ਆਈਸੋਲੇਸ਼ਨ ਐਂਡ ਕੁਆਰਨਟੀਨ) ਨੂੰ ਅਜੇ ਕੁਝ ਹਫਤਿਆਂ ਲਈ ਬੁਕਿੰਗ ਵਾਸਤੇ ਰੋਕਿਆ ਗਿਆ ਹੈ। ਜਿਸ ਕਰਕੇ ਨਿਊਜ਼ੀਲੈਂਡ ਪਰਤਣ ਵਾਲਿਆਂ ਨੂੰ ਅਜੇ ਮੁਸ਼ਕਿਲ ਆ ਸਕਦੀ ਹੈ ਤੇ ਸਰਕਾਰ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਤੋਂ ਬਾਹਰ ਫਸੇ ਕੀਵੀ ਮਰੀਜ਼ਾਂ ਦੀ ਖਾਤਿਰ ਥੋੜ੍ਹੀ ਜ਼ਿਮੇਵਾਰੀ ਚੁੱਕਣ। ਐਮਰਜੈਂਸੀ ਵਾਸਤੇ ਐਮ. ਆਈ. ਕਿਊ ਅਜੇ ਖੁੱਲ੍ਹਾ ਰੱਖਿਆ ਗਿਆ ਹੈ। ਐਮ. ਆਈ. ਕਿਊ. ਬੁੱਕਿੰਗ ਵਾਸਤੇ ਰੈਂਡਮ ਸਿਸਟਮ ਅਪਣਾਇਆ ਜਾਵੇਗਾ ਤਾਂ ਕਿ ਇਹ ਮਸਲਾ ਖਤਮ ਕੀਤਾ ਜਾਵੇ ਕਿ ਤੁਸੀਂ ਬਾਜ਼ ਅੱਖ ਰਾਹੀਂ ਖਾਲੀ ਹੋਣ ਵਾਲੇ ਕਮਰਿਆਂ ਉਤੇ ਝਪਟ ਮਾਰ ਬੁਕਿੰਗ ਕਰਨ ਵਾਸਤੇ ਪ੍ਰੇਸ਼ਾਨ ਹੁੰਦੇ ਰਹੋ। ਇਸ ਵੇਲੇ ਤੱਕ 168,000 ਲੋਕ ਵਾਪਿਸ ਐਮ. ਆਈ. ਕਿਊ ਦੇ ਰਾਹੀਂ ਆ ਚੁੱਕੇ ਹਨ।
ਸ਼ੱਕੀ ਥਾਵਾਂ ਦੇ ਵਿਚ ਇਸ ਵੇਲੇ 270 ਸਥਾਨ ਆ ਚੁੱਕੇ ਹਨ। ਫਲੈਟ ਬੁੱਸ਼ ਵਿਖੇ ਇਕ ਇੰਡੀਅਨ ਗਰੋਸਰੀ ਸਟੋਰ, ਪਾਪਾਟੋਏਟੋਏ ਵਿਖੇ ਇਕ ਡੇਅਰੀ ਸ਼ਾਪ ਆਏ ਹੋਏ ਹਨ।