ਧਰਮਸ਼ਾਲਾ – ਭਾਜਪਾ ਪ੍ਰਧਾਨ ਜੇ ਪੀ ਨੱਢਾ ਨੇ ਕਿਹਾ ਹੈ ਕਿ ਦੇਸ਼ ’ਚ ਤਕਰੀਬਨ ਸਾਰੀਆਂ ਪਾਰਟੀਆਂ ਪਰਿਵਾਰ ’ਤੇ ਅਧਾਰਿਤ ਹਨ ਅਤੇ ਉਨ੍ਹਾਂ ’ਚੋਂ ਕੋਈ ਵੀ ਭਾਜਪਾ ਦੇ ਮੁਕਾਬਲੇ ਦੀ ਨਹੀਂ ਹੈ ਜਿਸ ਦੇ 18 ਕਰੋੜ ਵਰਕਰ ਹਨ। ਪਾਰਟੀ ਦੀ ਵਰਕਿੰਗ ਕਮੇਟੀ ਦੀ ਇਥੇ ਮੀਟਿੰਗ ਦੌਰਾਨ ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ 18 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਮੈਂਬਰ ਬਣਾਉਣਾ ਕੋਈ ਸੁਖਾਲਾ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਹੋਰ ਸਿਆਸੀ ਪਾਰਟੀ ’ਚ ਇੰਨੀ ਤਾਕਤ ਨਹੀਂ ਹੈ ਕਿ ਉਹ ਇਸ ਗਿਣਤੀ ਦੇ ਨੇੜੇ ਢੁੱਕ ਸਕੇ। ਨੱਢਾ ਨੇ ਕਿਹਾ ਕਿ ਨਰਿੰਦਰ ਮੋਦੀ ਦੁਨੀਆ ’ਚ ਸਭ ਤੋਂ ਸਵੀਕਾਰਯੋਗ ਹਸਤੀ ਹਨ ਅਤੇ ਉਹ ਭਾਜਪਾ ਦੀ ਸਭ ਤੋਂ ਵੱਡੀ ਤਾਕਤ ਹਨ। ਉਨ੍ਹਾਂ ਵਰਕਿੰਗ ਕਮੇਟੀ ਮੈਂਬਰਾਂ ਨੂੰ ਕਿਹਾ ਕਿ ਭਾਜਪਾ ਦੀ ਤਾਕਤ ‘ਸਾਡੀ ਏਕਤਾ ਹੈ ਅਤੇ ਸਾਨੂੰ ਪਾਰਟੀ ’ਚ ਆਪਣੇ ਵਿਕਾਸ ਦੀ ਨਿਯਮਤ ਸਵੈ-ਪੜਚੋਲ ਕਰਨੀ ਚਾਹੀਦੀ ਹੈ।’ ਭਾਜਪਾ ਦੇ ਆਰਥਿਕ ਮਾਡਲ ‘ਅੰਤੋਦਿਆ’ ਦਾ ਜ਼ਿਕਰ ਕਰਦਿਆਂ ਨੱਢਾ ਨੇ ਕਿਹਾ ਕਿ ਇਹ ਪਾਰਟੀ ਦੇ ਫਲਸਫ਼ੇ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ’ਤੇ ਆਧਾਰਿਤ ਹੈ ਅਤੇ ਇਹ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ’ਚ ਨਜ਼ਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਹਰੇਕ ਜ਼ਿਲ੍ਹੇ ’ਚ ਆਪਣੇ ਦਫ਼ਤਰ ਹੋਣਗੇ। ਭਾਜਪਾ ਦੇ ਸੂਬਾ ਇੰਚਾਰਜ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਭਾਜਪਾ ਵੱਖਰੀ ਸਿਆਸੀ ਪਾਰਟੀ ਹੈ ਜਿਸ ਨੇ ਚਾਹ ਵੇਚਣ ਵਾਲੇ ਨੂੰ ਮੁਲਕ ਦਾ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਦਿੱਤਾ। ਸ੍ਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਮੁਲਕ ’ਚ ਅਜਿਹਾ ਪ੍ਰਧਾਨ ਮੰਤਰੀ ਹੈ ਜੋ ਆਪਣੇ ਨੂੰ ਦੇਸ਼ ਦਾ ‘ਸੇਵਕ’ ਅਖਵਾਉਣਾ ਪਸੰਦ ਕਰਦਾ ਹੈ ਅਤੇ ਉਨ੍ਹਾਂ ਮੁਲਕ ’ਚੋਂ ਵੀਆਈਪੀ ਸੱਭਿਆਚਾਰ ਖ਼ਤਮ ਕੀਤਾ ਹੈ।