ਨਵੀਂ ਦਿੱਲੀ, 1 ਸਤੰਬਰ – ਬਿਨਾਂ ਸਬਸੀਡੀ ਵਾਲੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਇਕ ਵਾਰ ਫਿਰ 25 ਰੁਪਏ ਦਾ ਵਾਧਾ ਹੋਇਆ ਹੈ। ਉਥੇ ਹੀ ਕਮਰਸ਼ਲ ਸਿਲੰਡਰ ਦੀ ਕੀਮਤ ਵਿੱਚ 75 ਰੁਪਏ ਦਾ ਵਾਧਾ ਹੋਇਆ ਹੈ। ਹੁਣ ਦਿੱਲੀ ਵਿੱਚ 14.2 ਕਿਲੋਗ੍ਰਾਮ ਦਾ ਐੱਲ. ਪੀ. ਜੀ. ਸਿਲੰਡਰ 884.5 ਰੁਪਏ ਦਾ ਹੋ ਗਿਆ ਹੈ। ਇਸ ਤੋਂ ਪਹਿਲਾਂ ਇਹ 859.50 ਰੁਪਏ ਦਾ ਮਿਲ ਰਿਹਾ ਸੀ।
ਐੱਲ. ਪੀ. ਜੀ. ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧੇ ਦਾ ਇਹ ਲਗਾਤਾਰ ਦੂਜਾ ਮਹੀਨਾ ਹੈ। ਇਸ ਤੋਂ ਪਹਿਲਾਂ ਇਕ ਜੁਲਾਈ ਨੂੰ ਸਿਲੰਡਰ ਦੀਆਂ ਕੀਮਤਾਂ ਵਿੱਚ 25.50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਬਿਨਾਂ ਸਬਸੀਡੀ ਵਾਲੇ ਰਸੋਈ ਗੈਸ ਦੀਆਂ ਦਰਾਂ ਵਿੱਚ ਇਕ ਅਗਸਤ ਨੂੰ ਇਸੇ ਅਨੁਪਾਤ ਵਿੱਚ ਵਾਧਾ ਕੀਤਾ ਗਿਆ ਸੀ ਅਤੇ ਹੁਣ ਸਬਸੀਡੀ ਵਾਲੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ 1 ਜਨਵਰੀ ਤੋਂ ਲੈ ਕੇ ਹੁਣ ਤੱਕ ਇਨ੍ਹਾਂ 8 ਮਹੀਨਿਆਂ ਵਿੱਚ ਸਿਲੰਡਰ ਦੀਆਂ ਕੀਮਤਾਂ ਵਿੱਚ 190 ਰੁਪਏ ਦਾ ਵਾਧਾ ਹੋ ਚੁੱਕਾ ਹੈ। ਇਕ ਜਨਵਰੀ ਨੂੰ ਦਿੱਲੀ ਵਿੱਚ ਘਰੇਲੂ ਗੈਸ ਸਿਲੰਡਰ ਦੀ ਕੀਮਤ 694 ਰੁਪਏ ਸੀ ਜੋ ਕਿ ਹੁਣ ਵਧ ਕੇ 884.5 ਰੁਪਏ ਤੇ ਪਹੁੰਚ ਗਈ। ਇਸ ਸਾਲ ਫਰਵਰੀ ਵਿੱਚ ਸਿਲੰਡਰ ਦੀ ਕੀਮਤ ਵੱਧ ਕੇ 719 ਰੁਪਏ ਹੋ ਗਈ। ਇਸ ਤੋਂ ਬਾਅਦ ਸਿਲੰਡਰ ਦੀ ਕੀਮਤ 15 ਫਰਵਰੀ ਨੂੰ 769 ਰੁਪਏ, 25 ਫਰਵਰੀ ਨੂੰ 794 ਰੁਪਏ, 1 ਮਾਰਚ ਨੂੰ 819 ਰੁਪਏ, 1 ਅਪ੍ਰੈਲ ਨੂੰ 809 ਰੁਪਏ, 1 ਜੁਲਾਈ ਨੂੰ 834.5 ਰੁਪਏ, 18 ਅਗਸਤ ਨੂੰ 859.50 ਰੁਪਏ ਹੋ ਗਈ ਸੀ।