ਐਸ ਏ ਐਸ ਨਗਰ, 1 ਸਤੰਬਰ- ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਹੋਈ ਅੱਜ ਦੀ ਇਸ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਲਗਭਗ 9.5 ਕਰੋੜ ਰੁਪਏ ਦੇ ਨਵੇਂ ਵਿਕਾਸ ਮਤਿਆਂ ਨੂੰ ਮੰਜੂਰੀ ਦਿੱਤੀ ਗਈ ਅਤੇ ਨਾਲ ਹੀ ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਕਾਰਜਾਂ ਸੰਬੰਧੀ ਲਗਭਗ 19.5 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਵਰਕ ਆਰਡਰ ਵੀ ਜਾਰੀ ਕਰ ਦਿੱਤੇ ਗਏ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਕਮਲ ਗਰਗ, ਮੈਂਬਰ ਜਸਬੀਰ ਸਿੰਘ ਮਣਕੂੰ ਕੌਂਸਲਰ ਅਤੇ ਮੈਂਬਰ ਅਨੂੰ ਕੌਂਸਲਰ ਹਾਜ਼ਰ ਸਨ।
ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਵਿੱਚ ਵਿਕਾਸ ਕਾਰਜ ਪੂਰੀ ਪਾਰਦਰਸ਼ਤਾ ਨਾਲ ਅਤੇ ਬਿਨਾਂ ਕਿਸੇ ਵਿਤਕਰੇ ਦੇ ਹਰੇਕ ਵਾਰਡ ਵਿੱਚ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੰਚ ਪੇਸ਼ ਕੀਤੇ ਮਤਿਆਂ ਵਿੱਚ ਸੜਕਾਂ ਦੀ ਰੀ ਕਾਰਪੈਟਿੰਗ, ਪਾਰਕਾਂ ਦੇ ਕੰਮ ਅਤੇ ਪੇਵਰ ਬਲਾਕ ਦੇ ਕੰਮ ਮੁੱਖ ਤੌਰ ਤੇ ਸ਼ਾਮਲ ਕੀਤੇ ਗਏ ਗਏ ਹਨ, ਜੋ ਕਿ ਸ਼ਹਿਰ ਦੇ ਵਸਨੀਕਾਂ ਦੀ ਮੰਗ ਅਤੇ ਉਨ੍ਹਾਂ ਨੂੰ ਸਹੂਲਤ ਦੇਣ ਸਬੰਧੀ ਪਾਸ ਕੀਤੇ ਗਏ ਹਨ। ਮੇਅਰ ਨੇ ਕਿਹਾ ਕਿ ਇਹਨਾਂ ਸਾਰੇ ਕੰਮਾਂ ਦੇ ਵਰਕ ਆਰਡਰ ਸਮਾਂਬੱਧ ਕੀਤੇ ਗਏ ਹਨ ਅਤੇ ਜੇਕਰ ਕੋਈ ਵੀ ਠੇਕੇਦਾਰ ਕੰਮ ਪੂਰਾ ਕਰਨ ਵਿੱਚ ਦਿੱਤੇ ਗਏ ਸਮੇਂ ਤੋਂ ਵੱਧ ਸਮਾਂ ਲਗਾਉਂਦਾ ਹੈ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨਾਲ ਇਹ ਵੀ ਯਕੀਨੀ ਕੀਤਾ ਜਾ ਰਿਹਾ ਹੈ ਕਿ ਵਿਕਾਸ ਕਾਰਜਾਂ ਵਿੱਚ ਉੱਤਮ ਕੁਆਲਟੀ ਦਾ ਮਟੀਰੀਅਲ ਵਰਤਿਆ ਜਾਵੇ। ਇਸ ਵਾਸਤੇ ਉਨ੍ਹਾਂ ਦੀ ਟੀਮ ਸਮੇਂ ਸਮੇਂ ਤੇ ਨਿਗਮ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਨਜ਼ਰਸਾਨੀ ਵੀ ਕਰਦੀ ਹੈ। ਉਹਨਾਂ ਕਿਹਾ ਕਿ ਅਧਿਕਾਰੀਆਂ ਨੂੰ ਵੀ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕੁਆਲਿਟੀ ਵਿਚ ਕਿਸੇ ਤਰੀਕੇ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕਿਤੇ ਕੁਤਾਹੀ ਹੋਈ ਤਾਂ ਅਧਿਕਾਰੀਆਂ ਦੀ ਜ਼ਿੰਮੇਵਾਰੀ ਫਿਕਸ ਹੋਵੇਗੀ।
ਇਸ ਮੌਕੇ ਡਿਪਟੀ ਮੇਅਰ ਸz. ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਨਵੇਂ ਹਾਊਸ ਵਲੋਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਰਿਕਾਰਡਤੋੜ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਇਸ ਦੀ ਲੜੀ ਵਿੱਚ ਹੀ ਵਿੱਤ ਅਤੇ ਠੇਕਾ ਕਮੇਟੀ ਦੀ ਅੱਜ ਹੋਈ ਮੀਟਿੰਗ ਵਿੱਚ ਕਰੋੜਾਂ ਰੁਪਏ ਦੇ ਕੰਮਾਂ ਲੂੰ ਮੰਜੂਰੀ ਦਿੱਤੀ ਗਈ ਹੈ।
ਇਸ ਮੌਕੇ ਨਗਰ ਨਿਗਮ ਦੇ ਐਸਈ ਸੰਜੇ ਕੰਵਰ, ਵੱਖ ਵੱਖ ਜ਼ੋਨਾਂ ਦੇ ਐਕਸੀਅਨ ਅਤੇ ਹੋਰ ਅਧਿਕਾਰੀ ਹਾਜ਼ਰ ਸਨ।