ਚੰਡੀਗੜ੍ਹ , 24 ਅਗਸਤ-ਸਾਬਕਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਕੁੱਝ ਸਮੇਂ ਲਈ ਸ਼ਾਂਤ ਹੋਈ ਬਗਾਵਤ ਦੀ ਚੰਗਿਆੜੀ ਹੁਣ ਭਾਂਬੜ ਬਣ ਗਈ ਹੈ ਅਤੇ ਨਵਜੋਤ ਸਿੰਘ ਸਿੱਧੂ ਦੇ ਸਮਰਥਨ ਵਿੱਚ ਖੁੱਲ੍ਹ ਕੇ ਸਾਹਮਣੇ ਆਏ ਕੈਪਟਨ ਵਿਰੋਧੀ ਧੜੇ ਨੇ ਮੁੱਖ ਮੰਤਰੀ ਖ਼ਿਲਾਫ਼ ਖੁੱਲ੍ਹੇ ਤੌਰ ਤੇ ਜੰਗ ਦਾ ਐਲਾਨ ਕਰ ਦਿੱਤਾ ਹੈ।
ਇਸ ਸੰਬੰਧੀ ਅੱਜ ਸੂਬੇ ਦੇ ਤਿੰਨ ਦਰਜਨ ਦੇ ਕਰੀਬ ਵਿਧਾਇਕਾਂ ਅਤੇ ਮੰਤਰੀਆਂ ਨੇ ਕੈਬਿਨਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਮੀਟਿੰਗ ਕਰਨ ਉਪਰੰਤ ਮੁੱਖ ਮੰਤਰੀ ਦੇ ਕੰਮਕਾਜ ਤੇ ਕਿੰਤੂ ਕਰਦਿਆਂ ਮੁੰਖ ਮੰਤਰੀ ਨੂੰ ਬਦਲਣ ਦੀ ਮੰਗ ਕੀਤੀ ਹੈ। ਇਸ ਮੀਟਿੰਗ ਤੋਂ ਬਾਅਦ ਕੈਬਿਨਟ ਮੰਤਰੀ ਚਰਨਜੀਤ ਚੰਨੀ ਨੇ ਸ਼ਰੇਆਮ ਕਿਹਾ ਕਿ ਉਨ੍ਹਾਂ ਨੂੰ ਕੈਪਟਨ ਦੀ ਮੌਜੂਦਾ ਲੀਡਰਸ਼ਿਪ ਤੇ ਭਰੋਸਾ ਨਹੀਂ ਹੈ ਅਤੇ ਇਸੇ ਲਈ ਅੱਜ ਦੀ ਇਹ ਮੀਟਿੰਗ ਬੁਲਾਈ ਗਈ ਹੈ। ਮੰਤਰੀ ਚਰਨਜੀਤ ਚੰਨੀ ਨੇ ਇਥੋਂ ਤੱਕ ਆਖ ਦਿੱਤਾ ਕਿ ਉਨ੍ਹਾਂ ਦੇ ਮਸਲੇ ਇਸ ਮੁੱਖ ਮੰਤਰੀ ਤੋਂ ਹੱਲ ਹੋਣ ਵਾਲੇ ਨਹੀਂ ਹਨ, ਇਸ ਲਈ ਉਹ ਹਾਈਕਮਾਨ ਨਾਲ ਮੁਲਾਕਾਤ ਕਰਨ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ 2017 ਦੀਆਂ ਚੋਣਾਂ ਸਮੇਂ ਕਈ ਵਾਅਦੇ ਕੀਤੇ ਸਨ, ਜਿਨ੍ਹਾਂ ਵਿਚੋਂ ਬਹੁਤ ਸਾਰੇ ਵਾਅਦੇ ਪੂਰੇ ਕਰ ਦਿੱਤੇ ਗਏ ਹਨ ਪਰ ਜਿਹੜੇ ਮਸਲਿਆਂ ਕਾਰਣ ਵਿਰੋਧੀਆਂ ਨਾਲ ਟਕਰਾਅ ਹੁੰਦਾ ਹੈ, ਉਹ ਅਜੇ ਤਕ ਪੂਰੇ ਨਹੀਂ ਕੀਤੇ ਗਏ ਹਨ। ਖਾਸ ਤੌਰ ਤੇ ਬਰਗਾੜੀ, ਨਸ਼ਿਆਂ ਦੇ ਮਸਲੇ, ਨਸ਼ੇ ਦੇ ਸੌਦਾਗਰਾਂ ਨੂੰ ਫੜਨਾ, ਬਿਜਲੀ ਦੇ ਸਮਝੌਤਿਆਂ ਦਾ ਮਸਲਾ, ਰੇਤ ਮਾਫ਼ੀਆ ਅਤੇ ਦਲਿਤ ਮੁੱਦੇ ਜਿਨ੍ਹਾਂ ਤੇ ਕਾਰਵਾਈ ਨਹੀਂ ਹੋ ਰਹੀ ਹੈ। ਚੰਨੀ ਨੇ ਕਿਹਾ ਕਿ ਇਹ ਵਾਅਦੇ ਪੂਰੇ ਕਰਨ ਤੋਂ ਘੱਟ ਉਨ੍ਹਾਂ ਨੂੰ ਕੁੱਝ ਵੀ ਮਨਜ਼ੂਰ ਨਹੀਂ ਹੈ।
ਚੰਨੀ ਨੇ ਕਿਹਾ ਕਿ ਹਾਈਕਮਾਨ ਨਾਲ ਮੁਲਾਕਾਤ ਕਰਨ ਲਈ ਪੰਜ ਮੈਂਬਰੀ ਟੀਮ ਬਣਾਈ ਗਈ ਹੈ। ਇਸ ਵਿਚ ਚਾਰ ਮੰਤਰੀ ਅਤੇ ਇਕ ਵਿਧਾਇਕ ਹੈ। ਇਸ ਟੀਮ ਵਿੱਚ ਸ਼ਾਮਿਲ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਚੰਨੀ, ਸੁੱਖ ਸਰਕਾਰੀਆ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਪਰਗਟ ਸਿੰਘ ਵਲੋਂ ਹਾਈਕਮਾਨ ਨਾਲ ਮੁਲਾਕਾਤ ਕਰਕੇ ਮੌਜੂਦਾ ਹਾਲਾਤ ਤੇ ਚਰਚਾ ਕੀਤੀ ਜਾਵੇਗੀ ਅਤੇ ਆਪਣੀਆਂ ਮੰਗਾਂ ਰੱਖੀਆਂ ਜਾਣਗੀਆਂ।
ਮੀਟਿੰਗ ਉਪਰੰਤ ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਲਈ ਪਾਰਟੀ ਸਭ ਤੋਂ ਉਪਰ ਹੈ ਅਤੇ ਉਨ੍ਹਾਂ ਨੂੰ ਕੈਬਿਨਟ ਦੀ ਕੁਰਸੀ ਜਾਣ ਦਾ ਕੋਈ ਡਰ ਨਹੀਂ ਹੈ ਪਰ ਜਿਹੜੇ ਮਸਲੇ ਵਿਚਾਰੇ ਗਏ ਹਨ, ਉਨ੍ਹਾਂ ਦਾ ਹੱਲ ਹੋਣਾ ਚਾਹੀਦਾ ਹੈ, ਇਸ ਲਈ ਉਹ ਹਾਈਕਮਾਨ ਨਾਲ ਮੁਲਾਕਾਤ ਕਰਨਗੇ।
ਕੈਬਿਨਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਹ ਬਹੁਤ ਸਮੇਂ ਤੋਂ ਚੁੱਪ ਸਨ ਪਰ ਹੁਣ ਪਾਣੀ ਸਿਰ ਤੋਂ ਉੱਪਰ ਲੰਘ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹਾਈਕਮਾਨ ਕੋਈ ਫ਼ੈਸਲਾ ਨਹੀਂ ਲੈਂਦੀ ਹੈ ਤਾਂ ਉਹ ਅਗਾਂਹ ਦੀ ਰਣਨੀਤੀ ਉਲੀਕਣਗੇ। ਬਾਜਵਾ ਨੇ ਕਿਹਾ ਕਿ ਮੌਜੂਦਾ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਅਕਾਲੀਆਂ ਨਾਲ ਇਕ-ਮਿੱਕ ਹੈ ਅਤੇ ਇਹੋ ਕਾਰਣ ਹੈ ਕਿ ਕੈਪਟਨ ਵਲੋਂ ਅੱਜ ਤਕ ਸਖ਼ਤ ਫ਼ੈਸਲੇ ਨਹੀਂ ਲਏ ਜਾ ਸਕੇ ਹਨ। ਬਾਜਵਾ ਨੇ ਕਿਹਾ ਕਿ ਪੰਜਾਬ ਦੇ ਸਾਰੇ ਮੰਤਰੀ ਅਤੇ ਵਿਧਾਇਕ ਇਸ ਗੱਲੋਂ ਔਖੇ ਹਨ ਪਰ ਕੋਈ ਬੋਲਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਪਟਨ ਤੇ ਬਾਦਲ ਰਲੇ ਹੋਣ ਕਾਰਣ ਹੀ ਅੱਜ ਕਾਂਗਰਸ ਖ਼ਤਰੇ ਵਿੱਚ ਹੈ ਅਤੇ ਇਹੋ ਕਾਰਣ ਹੈ ਕਿ ਪੰਜਾਬ ਦੇ ਮੁੱਦੇ ਲਟਕੇ ਹੋਏ ਹਨ।
ਇੱਥੇ ਜਿਕਰ ਕਰਨਾ ਬਣਦਾ ਹੈ ਕਿ ਇਹ ਮੀਟਿੰਗ ਅਜਿਹੇ ਵੇਲੇ ਕੀਤੀ ਗਈ ਹੈ ਜਦੋਂ 2 ਦਿਨ ਬਾਅਦ (26 ਅਗਸਤ ਨੂੰ) ਪੰਜਾਬ ਕੈਬਿਨਟ ਦੀ ਮੀਟਿੰਗ ਹੋਣ ਵਾਲੀ ਹੈ ਅਤੇ ਕੈਬਿਨਟ ਮੀਟਿੰਗ ਵਿੱਚ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਕਦੋਂ ਸੱਦਿਆ ਜਾਵੇ, ਨੂੰ ਲੈ ਕੇ ਫੈਸਲਾ ਹੋਣਾ ਹੈ।