ਸਰੀ, 19 ਅਗਸਤ 2021- ਫੈਡਰਲ ਐਨ.ਡੀ.ਪੀ. ਵੱਲੋਂ ਪਾਰਟੀ ਪ੍ਰਧਾਨ ਜਗਮੀਤ ਸਿੰਘ ਨੂੰ ਬਰਨਬੀ ਸਾਊਥ ਤੋਂ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ ਹੈ। ਉਹ ਅੱਜ ਆਪਣੇ ਹਲਕੇ ਵਿਚ ਚੋਣ ਪ੍ਰਚਾਰ ਅਤੇ ਲੋਕਾਂ ਨਾਲ ਸੰਪਰਕ ਕਰਨ ਲਈ ਪੁੱਜੇ।
ਜਗਮੀਤ ਸਿੰਘ ਨੇ ਅੱਜ ਫਿਰ ਕਿਹਾ ਕਿ ਇਸ ਸਮੇਂ ਦੇਸ਼ ਹਾਊਸਿੰਗ ਸੰਕਟ ਦੀ ਮਾਰ ਹੇਠ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਵਿਚਲਾ ਹਾਊਸਿੰਗ ਸੰਕਟ ਜਸਟਿਨ ਟਰੂਡੋ ਵੱਲੋਂ ਪੈਦਾ ਕੀਤਾ ਹੋਇਆ ਹੈ ਅਤੇ ਪਿਛਲੇ 6 ਸਾਲਾਂ ਵਿਚ ਇਹ ਸੰਕਟ ਹੋਰ ਗੰਭੀਰ ਹੋ ਗਿਆ ਹੈ। ਇਸ ਵੇਲੇ ਦੇਸ਼ ਦੇ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਉਹ ਆਪਣੇ ਰਹਿਣ ਲਈ ਵਧੀਆ ਘਰ ਖਰੀਦਣ ਤੋਂ ਅਸਮਰਥ ਹਨ ਅਤੇ ਬੜੀ ਮੁਸ਼ਕਿਲ ਨਾਲ ਕਿਰਾਏ ਦੇ ਘਰਾਂ ਵਿਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਜਸਟਿਨ ਟਰੂਡੋ ਵੱਡੇ ਅਮੀਰ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਦੇ ਰਹਿਣਗੇ ਪਰ ਮੈਂ ਕੈਨੇਡੀਅਨ ਪਰਿਵਾਰਾਂ ਲਈ ਘਰ ਬਣਾਉਣ ਦੇ ਸੁਪਨੇ ਨੂੰ ਹਕੀਕਤ ਵਿਚ ਬਦਲਣ ਲਈ ਤਤਪਰ ਰਹਾਂਗਾ। ਉਨ੍ਹਾਂ ਵਾਅਦਾ ਕੀਤਾ ਕਿ ਐਨ.ਡੀ.ਪੀ. ਸਰਕਾਰ ਆਉਣ ਤੇ 500,000 ਅਫੋਰਡੇਬਲ ਘਰ ਉਸਾਰੇ ਜਾਣਗੇ।