ਔਕਲੈਂਡ, 19 ਅਗਸਤ, 2021:-ਬੀਤੇ ਸੋਮਵਾਰ ਦੀ ਸ਼ਾਮ ਨੂੰ ਔਕਲੈਂਡ ਦੇ ਸ਼ਹਿਰ ਓਨੀਹੰਗਾ ਵਿਖੇ ਇਕ ‘ਵੀਜ਼ੀ ਰੀਸਾਇਕਲਿੰਗ ਪਲਾਂਟ’ ਵਿਖੇ ਗੱਤੇ, ਪਲਾਸਟਿਕ, ਕੱਚ ਅਤੇ ਹੋਰ ਦੁਬਾਰਾ ਵਰਤੋਂ ਵਿਚ ਆਉਣ ਵਾਲੇ ਕੂੜੇ ਦੇ ਵਿਚੋਂ ਇਕ ਨਵ ਜੰਮੀ ਬੱਚੀ ਦਾ ਮ੍ਰਿਤਕ ਸਰੀਰ ਮਿਲਿਆ ਸੀ। ਪੁਲਿਸ ਨੇ ਇਸ ਕੇਸ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਸੀ। ਪੁਲਿਸ ਨੇ ਮੰਗਲਵਾਰ ਨੂੰ ਇਹ ਦੱਸਿਆ ਸੀ ਕਿ ਇਸ ਨਵਜੰਮੇ ਬੱਚੇ ਦਾ ਮ੍ਰਿਤਕ ਸਰੀਰ ਅਜਿਹੇ ਕੂੜਾ ਕੀਤੇ ਗਏ ਸਮਾਨ ਨੂੰ ਇਕੱਤਰ ਕਰਕੇ ਲਿਆਉਣ ਵਾਲੇ ਇਕ ‘ਰੱਬਿਸ਼ ਟਰੱਕ’ ਦੇ ਵਿਚ ਇਥੇ ਪਹੁੰਚਿਆ ਸੀ। ਕੱਲ੍ਹ ਇਸ ਬੱਚੇ ਦਾ ਪੋਸਟ ਮਾਰਟਮ ਹੋਇਆ ਅਤੇ ਹੁਣ ਦੱਸਿਆ ਗਿਆ ਹੈ ਕਿ ਉਹ ਇਕ ਨਵ ਜੰਮੀ ਬੱਚੀ ਸੀ ਦਾ ਮ੍ਰਿਤਕ ਸਰੀਰ ਸੀ। ਉਹ ਬੱਚੀ ਕਿਸ ਜਾਤੀ-ਨਸਲ ਨਾਲ ਸਬੰਧਿਤ ਹੈ ਅਜੇ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਅੱਜ ਐਲਾਨ ਕੀਤਾ ਹੈ ਕਿ ਉਸਦਾ ਡੀ. ਐਨ. ਏ ਟੈਸਟ ਕਰਵਾ ਕੇ ਇਹ ਪਤਾ ਕੀਤਾ ਜਾਵੇਗਾ ਕਿ ਇਹ ਬੱਚੀ ਦੀ ਮਾਂ ਕੌਣ ਹੈ। ਬੱਚੀ ਦਾ ਜਨਮ ਤੋਂ ਪਹਿਲਾਂ ਪੂਰਾ ਸਰੀਰਕ ਵਿਕਾਸ ਹੋ ਚੁੱਕਾ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਬੱਚੀ ਦੀ ਮੌਤ ਤਾਂ ਹੋ ਹੀ ਚੁੱਕੀ ਹੈ ਪਰ ਉਸਦੀ ਮਾਂ ਨੂੰ ਵੀ ਸਿਹਤ ਪੱਖੋਂ ਬਹੁਤ ਖਤਰਾ ਹੋ ਸਕਦਾ ਹੈ। ਪੁਲਿਸ ਅਜੇ ਉਸਦੀ ਮਾਂ ਦਾ ਪਤਾ ਨਹੀਂ ਲਗਾ ਸਕੀ। ਸ਼ੱਕ ਦੇ ਅਧਾਰ ਉਤੇ ਪੁਲਿਸ ਨੇ ਇਕ ਬੈਗ ਅਤੇ ਕੁਝ ਕੱਪੜੇ ਸੀ. ਸੀ. ਟੀ.ਵੀ. ਦੀ ਮਦਦ ਨਾਲ ਵੇਖੇ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ 105 ਨੰਬਰ ਉਤੇ ਸੰਪਰਕ ਕੀਤਾ ਜਾਵੇ। ਨਿਊਜ਼ੀਲੈਂਡ ਦੇ ਵਿਚ ਅਜਿਹੀਆਂ ਘਟਨਾ ਅਚੰਭੇ ਵਾਲੀ ਹੈ। ਲਗਦਾ ਹੈ ਕਿ ਸੱਚਮੁਚ ਇਨਸਾਨੀਅਤ ਮਰ ਗਈ ਹੈ ਅਤੇ ਲੋਕ ਆਪਣੇ ਜਿਗਰ ਦੇ ਟੁੱਕੜੇ ਕਹੇ ਜਾਣ ਵਾਲੇ ਬੱਚਿਆਂ ਨੂੰ ਕੂੜਾ ਸਮਝ ਕੇ ਦੁਬਾਰਾ ਨਿਰਮਾਣ ਕੀਤੇ ਜਾਣ ਵਾਲੇ ਸਮਾਨ ਦੇ ਵਿਚ ਸੁੱਟ ਰਹੇ ਹਨ।
ਵਰਨਣਯੋਗ ਹੈ ਕਿ ਇਕ ਅਜਿਹੀ ਹੀ ਘਟਨਾ ਅਗਸਤ ਮਹੀਨੇ ਦੇ ਪਹਿਲੇ ਹਫਤੇ ਮਿਡਲਮੋਰ ਵਿਖੇ ਵੀ ਹੋਈ ਸੀ, ਜਿੱਥੇ ਇਕ ਨਵ ਜੰਮਿਆ ਬੱਚਾ ਟੁਆਇਲਟ ਦੇ ਵਿਚ ਰਬਿੱਸ਼ ਬਿਨ ਦੇ ਵਿਚੋਂ ਮਿਲਿਆ ਸੀ।