ਸਰੀ, 14 ਜੂਨ 2020-ਕੈਨੇਡਾ ਵਿਚ ਕੋਵਿਡ -19 ਦੇ ਤਾਜ਼ਾ ਅੰਕੜਿਆਂ ਅਨੁਸਾਰ ਕੁੱਲ 98,392 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, 8,107 ਮੌਤਾਂ ਹੋਈਆਂ ਹਨ ਅਤੇ 59,354 ਮਰੀਜ਼ ਠੀਕ ਹੋ ਚੁੱਕੇ ਹਨ ਜਦੋਂ ਕਿ ਹੁਣ ਤੱਕ 2.2 ਮਿਲੀਅਨ ਲੋਕਾਂ ਦੇ ਟੈਸਟ ਕੀਤੇ ਗਏ ਹਨ।
ਓਨਟਾਰੀਓ ਵਿੱਚ ਲਗਾਤਾਰ ਛੇਵੇਂ ਦਿਨ 300 ਤੋਂ ਘੱਟ ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿਚ ਪੀੜਤਾਂ ਦੀ ਗਿਣਤੀ 32,000 ਤੱਕ ਪਹੁੰਚ ਗਈ ਹੈ ਅਤੇ 2,507 ਮੌਤਾਂ ਹੋਈਆਂ ਹਨ, ਜਿਨ੍ਹਾਂ ਵਿੱਚ ਅੱਜ ਹੋਈਆਂ 9 ਨਵੀਆਂ ਮੌਤਾਂ ਸ਼ਾਮਲ ਹਨ।
ਕਿਊਬੈਕ ਵਿੱਚ ਪਿਛਲੇ 24 ਘੰਟਿਆਂ ਦੌਰਾਨ 16 ਨਵੀਆਂ ਮੌਤਾਂ ਹੋਈਆਂ, ਜਿਸ ਨਾਲ ਇੱਥੇ ਮੌਤਾਂ ਦੀ ਗਿਣਤੀ 5,200 ਦੇ ਕਰੀਬ ਹੋ ਗਈ। ਸੂਬੇ ਵਿੱਚ 53,900 ਦੇ ਕਰੀਬ ਕੇਸ ਸਾਹਮਣੇ ਆਏ ਹਨ, ਇਕੱਲੇ ਮਾਂਟਰੀਅਲ ਸ਼ਹਿਰ ਵਿੱਚ 26,000 ਤੋਂ ਵੱਧ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਅਲਬਰਟਾ ਵਿਚ ਅੱਜ ਇੱਕ ਹੋਰ ਮੌਤ ਨਾਲ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ 150 ਹੋ ਗਈ ਹੈ। ਰਾਜ ਅੱਜ 37 ਨਵੇਂ ਕੇਸ ਆਏ ਹਨ।
ਬੀਸੀ ਵਿਚ ਕੋਵਿਡ -19 ਨਾਲ ਪਿਛਲੇ 6 ਦਿਨਾਂ ਦੌਰਾਨ ਅੱਜ ਇਕ ਪੀੜਤ ਦੀ ਮੌਤ ਹੋਈ ਹੈ ਜਦੋਂ ਕਿ 16 ਨਵੇਂ ਕੇਸ ਸਾਹਮਣੇ ਆਏ ਹਨ। ਇਹ ਪ੍ਰਗਟਾਵਾ ਕਰਦਿਆਂ ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਦੱਸਿਆ ਹੈ ਕਿ ਬੀ.ਸੀ. ਹੁਣ ਤੱਕ ਕੁੱਲ 2,709 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਨ੍ਹਾਂ ਵਿੱਚੋਂ 2.354 ਪੀੜਤ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। 187 ਕੇਸ ਅਜੇ ਐਕਟਿਵ ਹਨ। ਕੋਵਿਡ -19 ਦੇ 12 ਮਰੀਜ਼ ਹਸਪਤਾਲਾਂ ਵਿਚ ਦਾਖ਼ਲ ਹਨ, ਜਿਨ੍ਹਾਂ ਵਿੱਚੋਂ 3 ਆਈਸੀਯੂ ਵਿਚ ਹਨ। ਬੀ.ਸੀ. ਵਿਚ ਇਸ ਬਿਮਾਰੀ ਨਾਲ 168 ਲੋਕਾਂ ਦੀ ਮੌਤ ਹੋ ਚੁੱਕੀ ਹੈ।