ਕੈਲੀਫੋਰਨੀਆ – ਅਮਰੀਕਾ ਵਿੱਚ ਦੁਬਾਰਾ ਤੋਂ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲੇ ਇੱਕ ਚਿੰਤਾ ਦਾ ਵਿਸ਼ਾ ਬਣ ਰਹੇ ਹਨ । ਅਮਰੀਕੀ ਸਟੇਟ ਫਲੋਰਿਡਾ ਵਾਇਰਸ ਦੀ ਲਾਗ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਫਲੋਰਿਡਾ ਵਿੱਚ ਸ਼ੁੱਕਰਵਾਰ ਨੂੰ ਹਜਾਰਾਂ ਕੋਰੋਨਾ ਕੇਸ ਦਰਜ ਕੀਤੇ ਗਏ ਹਨ ਜੋ ਕਿ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਰੋਜਾਨਾ ਦੇ ਰਿਕਾਰਡ ਮਾਮਲੇ ਹਨ। ਸੀ ਡੀ ਸੀ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਸੂਬੇ ਵਿੱਚ ਸ਼ੁੱਕਰਵਾਰ ਨੂੰ ਕੋਵਿਡ -19 ਦੇ ਤਕਰੀਬਨ 21,683 ਨਵੇਂ ਮਾਮਲੇ ਸਾਹਮਣੇ ਆਏ ਹਨ।ਫਲੋਰਿਡਾ ਦੇ ਸਿਹਤ ਵਿਭਾਗ ਦੇ ਅਨੁਸਾਰ, ਪਿਛਲੇ ਸੱਤ ਦਿਨਾਂ ਵਿੱਚ, ਫਲੋਰਿਡਾ ਦੇ ਨਵੇਂ ਮਾਮਲਿਆਂ ਵਿੱਚ 50% ਹਫਤਾਵਾਰੀ ਵਾਧਾ ਵੇਖਿਆ ਗਿਆ ਹੈ। ਜਿਸ ਤਹਿਤ 23 ਜੁਲਾਈ ਤੋਂ 29 ਜੁਲਾਈ ਤੱਕ ਲਗਭਗ 110,477 ਕੇਸਾਂ ਦੀ ਰਿਪੋਰਟ ਕੀਤੀ ਗਈ ਹੈ। ਵ੍ਹਾਈਟ ਹਾਊਸ ਦੇ ਕੋਵਿਡ -19 ਕੋਆਰਡੀਨੇਟਰ ਜੈਫ ਜ਼ੀਂਟਸ ਦੇ ਅਨੁਸਾਰ, ਜੁਲਾਈ ਵਿੱਚ, ਫਲੋਰਿਡਾ ਉਨ੍ਹਾਂ ਚਾਰ ਸਟੇਟਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਦੇਸ਼ ਭਰ ਦੀਆਂ ਕੁੱਲ ਲਾਗਾਂ ਦਾ 40% ਹਿੱਸਾ ਪਾਇਆ ਸੀ।ਫਲੋਰਿਡਾ ਹਸਪਤਾਲ ਐਸੋਸੀਏਸ਼ਨ (ਐੱਫ ਐੱਚ ਏ) ਦੇ ਅਨੁਸਾਰ, ਬੁੱਧਵਾਰ ਨੂੰ 8,816 ਕੋਰੋਨਾ ਮਰੀਜ਼ ਹਸਪਤਾਲ ਵਿੱਚ ਦਾਖਲ ਹੋਏ ਅਤੇ ਉਨ੍ਹਾਂ ਵਿੱਚੋਂ 95% ਤੋਂ ਵੱਧ ਨੂੰ ਪੂਰੀ ਤਰ੍ਹਾਂ ਟੀਕਾ ਨਹੀਂ ਲੱਗਿਆ ਸੀ। ਫਲੋਰਿਡਾ ਦੇ ਗਵਰਨਰ ਰੌਨ ਡੀਸੈਂਟਿਸ ਨੇ ਵਾਇਰਸ ਦੀ ਲਾਗ ਨੂੰ ਰੋਕਣ ਲਈ ਨਿਵਾਸੀਆਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਹੈ।