ਬੀਬੀ ਜਗੀਰ ਕੌਰ ਨੇ ਨਵ-ਨਿਯੁਕਤ ਗ੍ਰੰਥੀ ਸਿੰਘਾਂ ਨੂੰ ਦਿੱਤੇ ਨਿਯੁਕਤੀ ਪੱਤਰ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਵਿਚ ਸੇਵਾਵਾਂ ਨਿਭਾਉਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਅੱਜ ਗ੍ਰੰਥੀ ਸਿੰਘਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਟੈਸਟ ਅਤੇ ਇੰਟਰਵਿਊ ਦੇ ਆਧਾਰ ’ਤੇ 74 ਗ੍ਰੰਥੀ ਸਿੰਘਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਅੱਜ 44 ਦੇ ਕਰੀਬ ਗ੍ਰੰਥੀ ਸਿੰਘਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਗਏ ਹਨ। ਨਿਯੁਕਤੀ ਪੱਤਰ ਦੇਣ ਸਮੇਂ ਬੀਬੀ ਜਗੀਰ ਕੌਰ ਨੇ ਗ੍ਰੰਥੀ ਸਿੰਘਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਗੁਰੂ ਘਰ ਦੇ ਵਜ਼ੀਰ ਗ੍ਰੰਥੀ ਸਿੰਘ ਦੀ ਸੇਵਾ ਬਹੁਤ ਪਵਿੱਤਰ ਹੈ ਅਤੇ ਇਸ ਦੀ ਪਵਿੱਤਰਤਾ ਅਤੇ ਮਰਯਾਦਾ ਨੂੰ ਬਹਾਲ ਰੱਖਣਾ ਸਭ ਤੋਂ ਵੱਡੀ ਜ਼ੁੰਮੇਵਾਰੀ ਹੈ। ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਮੌਕੇ ਪੰਥਕ ਰਹਿਤ ਮਰਯਾਦਾ ਦੇ ਪਾਬੰਦ ਰਹਿਣਾ ਵੀ ਗ੍ਰੰਥੀ ਸਿੰਘ ਦੀ ਸੇਵਾ ਦਾ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸਿੱਖ ਵਿਰੋਧੀਆਂ ਵੱਲੋਂ ਕਈ ਤਰ੍ਹਾਂ ਦੀਆਂ ਸ਼ਰਾਰਤਾਂ ਗੁਰਦੁਆਰਾ ਸਾਹਿਬਾਨ ਵਿਖੇ ਕੀਤੀਆਂ ਜਾਂਦੀਆਂ ਹਨ ਅਤੇ ਬੇਅਦਬੀ ਦੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ। ਅਜਿਹੇ ਵਿਚ ਗ੍ਰੰਥੀ ਸਿੰਘ ਦੀ ਜ਼ੁੰਮੇਵਾਰੀ ਬਣਦੀ ਹੈ ਕਿ ਉਹ ਗੁਰਦੁਆਰਾ ਸਾਹਿਬਾਨ ਦੀ ਨਿਗਰਾਨੀ ਲਈ ਸੁਚੇਤ ਰੂਪ ਵਿਚ ਕਾਰਜ ਕਰਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਦੀ ਮਰਯਾਦਾ ਸਾਨੂੰ ਇਤਿਹਾਸ ਵਿਚੋਂ ਮਿਲਦੀ ਹੈ, ਕਿਉਂਕਿ ਪੰਜਵੇਂ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਮੌਕੇ ਗ੍ਰੰਥੀ ਵਜੋਂ ਨਿਯੁਕਤੀ ਲਈ ਬਾਬਾ ਬੁੱਢਾ ਜੀ ਵਰਗੇ ਸੂਝਵਾਨ ਸਿੱਖ ਦੀ ਚੋਣ ਕੀਤੀ। ਇਸ ਦੇ ਨਾਲ ਹੀ ਭਾਈ ਮਨੀ ਸਿੰਘ ਵੀ ਗ੍ਰੰਥੀ ਸਿੰਘਾਂ ਲਈ ਵੱਡੇ ਆਦਰਸ਼ ਹਨ ਅਤੇ ਹਰ ਗ੍ਰੰਥੀ ਦਾ ਫ਼ਰਜ਼ ਬਣਦਾ ਹੈ ਕਿ ਉਹ ਇਤਿਹਾਸਕ ਸ਼ਖ਼ਸੀਅਤਾਂ ਨੂੰ ਆਪਣਾ ਮਾਰਗ ਦਰਸ਼ਨ ਬਣਾ ਕੇ ਸੇਵਾ ਸੰਭਾਲ ਕਰਨ।ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ ਨੇ ਵੀ ਗ੍ਰੰਥੀ ਸਿੰਘਾਂ ਨੂੰ ਸੰਬੋਧਨ ਕਰਦਿਆਂ ਪੰਥਕ ਮਾਣ-ਮਰਯਾਦਾ ਅਨੁਸਾਰ ਸੇਵਾ ਸੰਭਾਲ ਕਰਨ ਦੀ ਪ੍ਰੇਰਣਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਗ੍ਰੰਥੀ ਸਿੰਘ ਨੂੰ ਆਪਣੇ ਸੇਵਾ ਸਥਾਨ ਦੇ ਆਲੇ-ਦੁਆਲੇ ਨਗਰਾਂ ਵਿਚ ਪ੍ਰਚਾਰ ਕਰਨ ਦੀ ਵੀ ਜ਼ੁੰਮੇਵਾਰੀ ਨਿਭਾਉਣੀ ਚਾਹੀਦੀ ਹੈ। ਸਟੇਜ ਦੀ ਸੇਵਾ ਨਿਭਾਉਂਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਓਐਸਡੀ ਡਾ. ਅਮਰੀਕ ਸਿੰਘ ਲਤੀਫਪੁਰ ਨੇ ਸਿੱਖ ਮਰਯਾਦਾ ਅਨੁਸਾਰ ਗ੍ਰੰਥੀ ਸਿੰਘਾਂ ਦੇ ਗੁਣ ਅਤੇ ਸੇਵਾ ਸੰਭਾਲ ਦੀ ਮਰਯਾਦਾ ਦੇ ਪਹਿਰੇਦਾਰ ਬਣਨ ਦੀ ਪ੍ਰੇਰਣਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ, ਭਾਈ ਮਨਜੀਤ ਸਿੰਘ, ਸ. ਅਮਰੀਕ ਸਿੰਘ ਵਿਛੋਆ, ਸ. ਜਰਨੈਲ ਸਿੰਘ ਡੋਗਰਾਂਵਾਲਾ, ਸ. ਗੁਰਮੀਤ ਸਿੰਘ ਬੂਹ, ਸ. ਗੁਰਨਾਮ ਸਿੰਘ ਜੱਸਲ, ਮੀਤ ਸਕੱਤਰ ਸ. ਤੇਜਿੰਦਰ ਸਿੰਘ ਪੱਡਾ, ਓਐਸਡੀ ਡਾ. ਅਮਰੀਕ ਸਿੰਘ ਲਤੀਫਪੁਰ ਤੇ ਡਾ. ਸੁਖਬੀਰ ਸਿੰਘ, ਸੁੁਪਿ੍ਰੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਇੰਚਾਰਜ ਅਮਲਾ ਸ. ਗੁਰਨਾਮ ਸਿੰਘ ਆਦਿ ਮੌਜੂਦ ਸਨ।