ਚੰਡੀਗੜ੍ਹ – ਪੰਜਾਬ ਖੇਤੀਬਾੜੀ ਪ੍ਰਬੰਧਨ ਅਤੇ ਐਕਸਟੈਂਸ਼ਨ ਟ੍ਰੇਨਿੰਗ ਇੰਸਟੀਚਿਊਟ (ਪੀ.ਏ.ਐਮ.ਈ.ਟੀ.ਆਈ.) ਵੱਲੋਂ 26 ਤੋਂ 30 ਜੁਲਾਈ ਤੱਕ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਨਵੇਂ ਭਰਤੀ ਹੋਏ ਖੇਤੀਬਾੜੀ ਵਿਕਾਸ ਅਫਸਰਾਂ (ਏ.ਡੀ.ਓਜ਼) ਲਈ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਸਿਖਲਾਈ ਵਿੱਚ 56 ਅਧਿਕਾਰੀਆਂ ਨੇ ਹਿੱਸਾ ਲਿਆ।ਡਾਇਰੈਕਟਰ ਪੀ.ਏ.ਐਮ.ਈ.ਟੀ.ਆਈ. ਡਾ. ਐਚ.ਐਸ. ਧਾਲੀਵਾਲ ਨੇ ਦੱਸਿਆ ਕਿ ਸੰਸਥਾ ਨੂੰ ਖੇਤੀਬਾੜੀ ਵਿਭਾਗ ਵਿੱਚ ਨਵੇਂ ਭਰਤੀ ਹੋਏ 111 ਏ.ਡੀ.ਓਜ਼ ਨੂੰ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਨ੍ਹਾਂ ਅੱਗੇ ਦੱਸਿਆ ਕਿ ਸੰਸਥਾ ਨੇ 20 ਤੋਂ 25 ਜੁਲਾਈ, 2021 ਤੱਕ ਏ.ਡੀ.ਓਜ਼ ਦੇ ਪਹਿਲੇ ਬੈਚ ਦੀ ਸਿਖਲਾਈ ਸਫਲਤਾਪੂਰਵਕ ਮੁਕੰਮਲ ਕੀਤੀ। ਦੂਸਰੇ ਬੈਚ ਨੂੰ 26 ਤੋਂ 30 ਜੁਲਾਈ, 2021 ਤੱਕ ਸਿਖਲਾਈ ਦਿੱਤੀ ਗਈ। ਇਸ ਸਿਖਲਾਈ ਦਾ ਉਦੇਸ਼ ਨਵੇਂ ਭਰਤੀ ਹੋਏ ਅਧਿਕਾਰੀਆਂ ਨੂੰ ਉਨ੍ਹਾਂ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਸਮੇਤ ਆਪਣੇ ਵਿਭਾਗ ਦੇ ਢਾਂਚੇ ਅਤੇ ਕੰਮਕਾਜ ਬਾਰੇ ਜਾਗਰੂਕ ਕਰਨਾ ਸੀ ਤਾਂ ਜੋ ਉਹ ਆਪਣੀ ਜ਼ਿੰਮੇਵਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾ ਸਕਣ।ਸਿਖਲਾਈ ਪ੍ਰੋਗਰਾਮ ਦੌਰਾਨ ਕਮਿਸ਼ਨਰ ਖੇਤੀਬਾੜੀ ਡਾ. ਬੀ.ਐਸ. ਸਿੱਧੂ ਨੇ ਰਾਜ ਵਿੱਚ ਕਿਸਾਨ ਖੁਦਕੁਸ਼ੀਆਂ ਬਾਰੇ ਅਧਿਕਾਰੀਆਂ ਨੂੰ ਜਾਣੂੰ ਕਰਵਾਉਂਦਿਆਂ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਰੱਖਦਿਆਂ ਉਨ੍ਹਾਂ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ। ਡਾਇਰੈਕਟਰ ਖੇਤੀਬਾੜੀ ਡਾ. ਐਸ.ਐਸ. ਸਿੱਧੂ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਅਧਿਕਾਰੀ ਤਬਦੀਲੀ ਲਿਆਉਣ ਵਿੱਚ ਅਹਿਮ ਭੂਮਿਕਾ ਅਦਾ ਕਰਨਗੇ ਕਿਉਂਕਿ ਇਹ ਖੇਤਰੀ ਪੱਧਰ ‘ਤੇ ਕੰਮ ਕਰਨਗੇ ਅਤੇ ਕਿਸਾਨਾਂ ਨਾਲ ਨਿਰੰਤਰ ਸੰਪਰਕ ਵਿੱਚ ਰਹਿਣਗੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਰਾਜ ਵਿੱਚ ਕੀਟਨਾਸ਼ਕਾਂ ਦੀ ਵਰਤੋਂ, ਕੀਟਨਾਸ਼ਕ ਐਕਟ ਅਤੇ ਇਸ ਦੇ ਕੁਆਲਟੀ ਕੰਟਰੋਲ ਬਾਰੇ ਦੱਸਿਆ।ਖੇਤੀਬਾੜੀ ਵਿਭਾਗ ਦੇ ਵੱਖ ਵੱਖ ਸੈਕਸ਼ਨਾਂ ਦੇ ਜੁਆਇੰਟ ਡਾਇਰੈਕਟਰਾਂ ਨੇ ਹਿੱਸਾ ਲੈਣ ਵਾਲਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਸਬੰਧਤ ਸੈਕਸ਼ਨਾਂ ਦੁਆਰਾ ਰਾਜ ਵਿੱਚ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ / ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਦੱਸਿਆ।ਸਿਖਲਾਈ ਪੋ੍ਰਗਰਾਮ ਦੌਰਾਨ ਵੱਖ ਵੱਖ ਵਿਭਾਗੀ ਜਾਂਚ ਲੈਬਾਟਰੀਆਂ (ਬੀਜ, ਖਾਦ ਅਤੇ ਕੀਟਨਾਸ਼ਕ ਕੁਆਲਟੀ ਕੰਟਰੋਲ ਲੈਬਾਟਰੀਆਂ) ਅਤੇ ਪੀ.ਏ.ਯੂ. ਲੁਧਿਆਣਾ ਵਿਖੇ ਫਸਲੀ ਰਹਿੰਦ ਖੂੰਹਦ ਪ੍ਰਬੰਧਨ ਮਸ਼ੀਨਰੀ ਹਾਲ ਦਾ ਦੌਰਾ ਵੀ ਕੀਤਾ ਗਿਆ ਜਿੱਥੇ ਸਿਖਿਆਰਥੀਆਂ ਨੂੰ ਸਬੰਧਤ ਲੈਬਾਟਰੀਆਂ ਦੀ ਕਾਰਜ ਪ੍ਰਣਾਲੀ ਬਾਰੇ ਦੱਸਿਆ ਗਿਆ। ਸਿਖਲਾਈ ਪ੍ਰੋਗਰਾਮ ਸਿਖਿਆਰਥੀਆਂ ਦੇ ਫੀਡਬੈਕ ਨਾਲ ਸਮਾਪਤ ਹੋਇਆ। ਅਧਿਕਾਰੀਆਂ ਨੇ ਕਿਹਾ ਕਿ ਇਸ ਸਿਖਲਾਈ ਵਿਚ ਸ਼ਾਮਲ ਹੋਣਾ ਉਨ੍ਹਾਂ ਲਈ ਇੱਕ ਵਿਲੱਖਣ ਤਜਰਬਾ ਸੀ ਅਤੇ ਇਹ ਅੱਗੇ ਉਨ੍ਹਾਂ ਦੇ ਕਰੀਅਰ ਵਿਚ ਮਦਦਗਾਰ ਸਾਬਤ ਹੋਵੇਗਾ।