ਸਰੀ – ਕੈਨੇਡਾ ਵਿੱਚ 4,000 ਤੋਂ ਵੱਧ ਹੋਰ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਨੇ। ਸਭ ਤੋਂ ਵੱਧ ਮਾਮਲੇ ਉਂਟਾਰੀਓ ਅਤੇ ਕਿਊਬਕ ਸੂਬਿਆਂ ਵਿੱਚ ਦਰਜ ਕੀਤੇ ਗਏ ਹਨ। ਓਂਟਾਰੀਓ ਵਿਚ 1,426, ਕਿਊਬਕ ਵਿਚ 1,378, ਅਲਬਰਟਾ ਵਿਚ 672, ਬ੍ਰਿਟਸ਼ ਕੋਲੰਬੀਆ ਵਿਚ 525, ਮੈਨੀਟੋਬਾ ਵਿਚ 430, ਸਸਕੈਚਵਨ ਵਿੱਚ 112 ਕੇਸ ਇੱਕੋ ਦਿਨ ਵਿਚ ਆਏ ਹਨ। ਪਿਛਲੇ ਲਗਾਤਾਰ ਪੰਜਾਂ ਦਿਨਾਂ ਤੋਂ ਕੈਨੇਡਾ ਵਿਚ 4,000 ਤੋਂ ਵੱਧ ਕੋਰੋਨਾ ਦੇ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ। ਕੈਨੇਡਾ ਵਿੱਚ ਹੁਣ ਤੱਕ ਇਸ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 2,77,061 ਹੋ ਗਈ ਹੈ।ਉਂਟਾਰੀਓ ਸੂਬੇ ਵਿੱਚ 15 ਲੋਕਾਂ ਦੀ ਮੌਤ ਹੋਈ ਹੈ, ਕਿਊਬਕ ਵਿਚ 22 ਪੀੜਤਾਂ ਦੀ ਜਾਨ ਚਲੀ ਗਈ, ਅਲਬਰਟਾ ਵਿਚ 7, ਮੈਨੀਟੋਬਾ ਵਿਚ 9 ਅਤੇ ਬੀਸੀ ਵਿਚ 3 ਜਣੇ ਮੌਤ ਦੇ ਮੂੰਹ ਵਿਚ ਚਲੇ ਗਏ ਹਨ। ਹੁਣ ਤੱਕ ਕਿਊਬਿਕ ਵਿਚ 1,18,529, ਓਂਟਾਰੀਓ ਵਿਚ 88,209, ਅਲਬਰਟਾ ਵਿੱਚ 35,538, ਮੈਨੀਟੋਬਾ ਵਿੱਚ 9,308, ਬੀਸੀ ਵਿਚ 5,133 ਅਤੇ ਸਸਕੈਚਵਨ ਵਿਚ 4326 ਕੇਸ ਪੌਜੇਟਿਵ ਪਾਏ ਗਏ ਹਨ। ਮੈਨੀਟੋਬਾ ਸੂਬਾ ਵੀਰਵਾਰ ਤੋਂ ਰੈਡ ਜੋ਼ਨ ਵਿਚ ਜਾ ਰਿਹਾ ਹੈ ਅਤੇ ਉੱਥੇ ਨਵੀਆਂ ਪਾਬੰਦੀਆਂ ਲਾਗੂ ਹੋ ਰਹੀਆਂ ਹਨ।