ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਹਰ ਸਾਲ ਵਾਂਗ ਇਸ ਵਾਰ ਵੀ ਪਦਮ ਪੁਰਸਕਾਰਾਂ ਲਈ ਕੇਂਦਰ ਸਰਕਾਰ ਨੂੰ ਨਾਂ ਭੇਜੇ ਜਾਣਗੇ ਪਰ ਇਸ ਵਾਰ ਉਹ ਸਿਰਫ਼ ਡਾਕਟਰਾਂ ਅਤੇ ਸਿਹਤ ਕਾਮਿਆਂ ਦੇ ਹੋਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਰ ਸਾਲ ਪਦਮ ਪੁਰਸਕਾਰਾਂ ਲਈ ਸੂਬਾਈ ਸਰਕਾਰਾਂ ਤੋਂ ਵਿਸ਼ੇਸ਼ ਕੰਮ ਕਰਨ ਵਾਲੇ ਲੋਕਾਂ ਦੇ ਨਾਵਾਂ ਦੀ ਲਿਸਟ ਮੰਗਦੀ ਹੈ।ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਕੋਰੋਨਾ ਕਾਲ ਵਿੱਚ ਕੰਮ ਕਰਨ ਵਾਲੇ ਸਿਹਤ ਕਾਮਿਆਂ, ਡਾਕਟਰਾਂ ਅਤੇ ਨਰਸਾਂ ਦੇ ਧੰਨਵਾਦੀ ਹਨ। ਅਜਿਹੇ ਵਿੱਚ ਸਿਰਫ਼ ਉਨ੍ਹਾਂ ਦੇ ਨਾਮ ਹੀ ਪਦਮ ਪੁਰਸਕਾਰ ਲਈ ਭੇਜੇ ਜਾਣਗੇ। ਇਹ ਨਾਮ ਕਿਹੜੇ ਹੋਣਗੇ ਇਹ ਜਨਤਾ ਤੈਅ ਕਰੇਗੀ। ਦਿੱਲੀ ਸਰਕਾਰ ਨੇ ਈ-ਮੇਲ ਆਈ. ਡੀ. ਦੱਸੀ ਹੈ ਜਿਸ ਤੇ ਜਨਤਾ ਖ਼ੁਦ ਡਾਕਟਰਾਂ ਦੇ ਨਾਂ ਦੱਸ ਸਕਦੀ ਹੈ ਜਿਨ੍ਹਾਂ ਨੇ ਕੋਰੋਨਾ ਕਾਲ ਦੌਰਾਨ ਸ਼ਾਨਦਾਰ ਕੰਮ ਕੀਤਾ ਹੈ। ਦਿੱਲੀ ਦੇ ਲੋਕ 15 ਅਗਸਤ ਤੱਕ ਡਾਕਟਰਾਂ ਦੇ ਨਾਮ ਅਤੇ ਉਨ੍ਹਾਂ ਨੂੰ ਪੁਰਸਕਾਰ ਕਿਉਂ ਮਿਲਣਾ ਚਾਹੀਦਾ ਹੈ, ਬਾਰੇ ਦੱਸ ਸਕਦੇ ਹਨ। ਡਾਕਟਰ, ਨਰਸ ਅਤੇ ਸਿਹਤ ਕਾਮੇ ਜਿਸ ਤਰ੍ਹਾਂ 24-24 ਘੰਟੇ ਕੰਮ ਕਰ ਰਹੇ ਹਨ ਉਸ ਲਈ ਦੇਸ਼ ਹੀ ਨਹੀਂ ਪੂਰੀ ਦੁਨੀਆ ਉਨ੍ਹਾਂ ਦੀ ਧੰਨਵਾਦੀ ਹੈ।ਦਿੱਲੀ ਵਾਸੀਆਂ ਨੂੰ ਡਾਕਟਰਾਂ-ਸਿਹਤ ਕਾਮਿਆਂ ਦੇ ਨਾਮਾਂ ਦਾ ਪੂਰਾ ਵੇਰਵਾ ਦੇਣਾ ਹੋਵੇਗਾ। ਦਿੱਲੀ ਸਰਕਾਰ ਨੇ ਪਦਮ ਪੁਰਸਕਾਰਾਂ ਲਈ ਸਰਚ ਐਂਡ ਸਕ੍ਰੀਨਿੰਗ ਕਮੇਟੀ ਬਣਾਈ ਹੈ ਜਿਸ ਦੀ ਪ੍ਰਧਾਨਗੀ ਡਿਪਟੀ ਸੀ. ਐੱਮ. ਮਨੀਸ਼ ਸਿਸੋਦੀਆ ਕਰ ਰਹੇ ਹਨ। ਇਹ ਕਮੇਟੀ ਤੈਅ ਕਰੇਗੀ ਕਿ ਦਿੱਲੀ ਸਰਕਾਰ ਕਿਹੜੇ ਨਾਮਾਂ ਨੂੰ ਕੇਂਦਰ ਸਰਕਾਰ ਕੋਲ ਭੇਜੇਗੀ। ਕੇਂਦਰ ਸਰਕਾਰ ਨੂੰ ਨਾਂ ਭੇਜਣ ਦੀ ਆਖਰੀ ਤਾਰੀਖ਼ 15 ਅਗਸਤ ਹੈ।