ਨਵੀਂ ਦਿੱਲੀ – ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਰੋਜ਼ਾਨਾ ਦੇ ਮਾਮਲਿਆਂ ਵਿੱਚ ਮਾਮੂਲੀ ਗਿਰਾਵਟ ਆਈ ਹੈ ਪਰ ਇਸ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਵਾਧਾ ਹੋਇਆ ਹੈ। ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 1206 ਵਿਅਕਤੀਆਂ ਦੀ ਜਾਨ ਚਲੀ ਗਈ ਜਿਸ ਨਾਲ ਮੌਤਾਂ ਦਾ ਅੰਕੜਾ ਵੱਧ ਕੇ 4 ਲੱਖ 7 ਹਜ਼ਾਰ 145 ਹੋ ਗਿਆ ਹੈ।ਕੇਂਦਰੀ ਸਿਹਤ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 42,766 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦਾ ਅੰਕੜਾ ਵੱਧ ਕੇ 3 ਕਰੋੜ 7 ਲੱਖ 95 ਹਜ਼ਾਰ 716 ਹੋ ਗਿਆ ਹੈ। ਇਸ ਦੌਰਾਨ 44 ਹਜ਼ਾਰ 254 ਮਰੀਜ਼ਾਂ ਦੇ ਸਿਹਤਮੰਦ ਹੋਣ ਤੋਂ ਬਾਅਦ ਇਸ ਮਹਾਮਾਰੀ ਨੂੰ ਮਾਤ ਦੇਣ ਵਾਲਿਆਂ ਦੀ ਕੁੱਲ ਗਿਣਤੀ ਵੱਧ ਕੇ 2 ਕਰੋੜ 99 ਲੱਖ 32 ਹਜ਼ਾਰ 538 ਹੋ ਗਈ ਹੈ।ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 4,55,033 ਹੈ। ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਦਰ ਘੱਟ ਹੋ ਕੇ 1.48 ਫ਼ੀਸਦੀ, ਰਿਕਵਰੀ ਦਰ ਵੱਧ ਕੇ 97.20 ਫ਼ੀਸਦੀ ਅਤੇ ਮੌਤ ਦਰ 1.32 ਹੋ ਗਈ ਹੈ। ਜੇਕਰ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਵਿੱਚ ਹੁਣ ਤੱਕ 37.20 ਕਰੋੜ ਵਿਅਕਤੀਆਂ ਦਾ ਕੋਰੋਨਾ ਟੀਕਾਕਰਨ ਹੋ ਚੁੱਕਾ ਹੈ। ਬੀਤੇ ਦਿਨ 30 ਲੱਖ 55 ਹਜ਼ਾਰ 802 ਵਿਅਕਤੀਆਂ ਨੂੰ ਕੋਰੋਨਾ ਟੀਕੇ ਲਾਏ ਗਏ।ਭਾਰਤੀ ਮੈਡੀਕਲ ਖੋਜ ਪਰੀਸ਼ਦ (ਆਈ. ਸੀ. ਐੱਮ. ਆਰ.) ਅਨੁਸਾਰ ਦੇਸ਼ ਵਿੱਚ ਕੁੱਲ ਕੋਰੋਨਾ 19,55,225 ਨਮੂਨਿਆਂ ਦੇ ਟੈਸਟ ਕੀਤੇ ਗਏ ਗਨ। ਹੁਣ ਤੱਕ ਕੁੱਲ 42,90,41,970 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।