ਸ਼ਿਮਲਾ – ਹਿਮਾਚਲ ਪ੍ਰਦੇਸ਼ ਦੇ ਛੇ ਵਾਰ ਮੁੱਖ ਮੰਤਰੀ ਰਹੇ ਅਤੇ ਸੀਨੀਅਰ ਕਾਂਗਰਸੀ ਆਗੂ ਵੀਰਭੱਦਰ ਸਿੰਘ ਦਾ 87 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵੀਰਭੱਦਰ ਸਿੰਘ ਦਾ ਦਿਹਾਂਤ ਅੱਜ ਸਵੇਰੇ 3.40 ਵਜੇ ਹੋਇਆ। ਮੁੜ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਹ ਸ਼ਿਮਲਾ ਦੇ ਆਈ. ਜੀ. ਐਮ. ਸੀ. ਹਸਪਤਾਲ ਵਿੱਚ ਇਲਾਜ ਕਰਵਾ ਰਹੇ ਸਨ।ਸੀਨੀਅਰ ਕਾਂਗਰਸੀ ਆਗੂ ਦੇ ਦਿਹਾਂਤ ਨਾਲ ਸੂਬੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਹ ਕਰੀਬ ਢਾਈ ਮਹੀਨਿਆਂ ਤੋਂ ਆਈ. ਜੀ. ਐਮ. ਸੀ. ਵਿੱਚ ਦਾਖ਼ਲ ਸਨ। ਅਚਾਨਕ ਸਿਹਤ ਖ਼ਰਾਬ ਹੋਣ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਵੈਂਟੀਲੇਟਰ ਤੇ ਰੱਖਿਆ ਸਨ ਜਿਸ ਤੋਂ ਬਾਅਦ ਉਹ ਬੇਹੋਸ਼ੀ ਦੀ ਹਾਲਤ ਵਿੱਚ ਇਲਾਜ ਅਧੀਨ ਸਨ ਪਰ ਅੱਜ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ। ਆਈ. ਜੀ. ਐਮ. ਸੀ. ਦੇ ਐਮ. ਐਸ. ਡਾ. ਜਨਕ ਰਾਜ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਦਿਹਾਂਤ ਤੇ ਸੋਗ ਜਤਾਇਆ ਹੈ। ਉਨ੍ਹਾਂ ਕਿਹਾ ਕਿ ਵੀਰਭੱਦਰ ਸਿੰਘ ਨੇ ਸੂਬੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਲੋਕਾਂ ਦੀ ਸੇਵਾ ਕੀਤੀ। ਨਰਿੰਦਰ ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਵੀਰਭੱਦਰ ਸਿੰਘ ਦਾ ਲੰਬਾ ਸਿਆਸੀ ਜੀਵਨ ਰਿਹਾ ਜੋ ਕਿ ਪ੍ਰਸ਼ਾਸਨਿਕ ਅਤੇ ਕਾਨੂੰਨੀ ਤਜਰਬਿਆਂ ਨਾਲ ਭਰਿਆ ਹੋਇਆ ਸੀ। ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਲੋਕਾਂ ਦੀ ਸੇਵਾ ਕੀਤੀ। ਉਨ੍ਹਾਂ ਦੇ ਦਿਹਾਂਤ ਤੋਂ ਉਹ ਦੁਖੀ ਹਨ। ਪਰਿਵਾਰ ਦੇ ਮੈਂਬਰਾਂ ਅਤੇ ਸਮਰਥਕਾਂ ਪ੍ਰਤੀ ਹਮਦਰਦੀ ਹੈ।ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਮਰਹੂਮ ਵੀਰਭੱਦਰ ਸਿੰਘ ਦੇ ਸਨਮਾਨ ਵਿੱਚ ਸੂਬੇ ਵਿੱਚ ਤਿੰਨ ਦਿਨਾ ਸੋਗ ਦਾ ਐਲਾਨ ਕੀਤਾ ਹੈ। ਅੱਜ ਤੋਂ ਲੈ ਕੇ 10 ਜੁਲਾਈ ਦਰਮਿਆਨ ਕਿਸੇ ਅਧਿਕਾਰਤ ਮਨੋਰੰਜਨ ਪ੍ਰੋਗਰਾਮ ਦਾ ਆਯੋਜਨ ਨਹੀਂ ਕੀਤਾ ਜਾਵੇਗਾ।ਜਿਕਰਯੋਗ ਹੈ ਕਿ ਵੀਰਭੱਦਰ ਸਿੰਘ ਨੇ ਪਹਿਲੀ ਵਾਰ ਮਹਾਸੂ ਲੋਕ ਸਭਾ ਸੀਟ ਤੋਂ ਚੋਣ ਲੜੀ ਸੀ। ਪੰਡਿਤ ਜਵਾਹਰ ਲਾਲ ਨਹਿਰੂ ਉਨ੍ਹਾਂ ਨੂੰ ਸਿਆਸਤ ਵਿੱਚ ਲਿਆਏ ਸਨ। ਉਹ ਪੰਜ ਵਾਰ ਸੰਸਦ ਮੈਂਬਰ ਅਤੇ ਨੌਂ ਵਾਰ ਵਿਧਾਇਕ ਰਹੇ। ਉਹ 6 ਵਾਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ।ਉਨ੍ਹਾਂ ਨੇ ਕੇਂਦਰ ਸਰਕਾਰ ਵਿੱਚ ਸੈਰ-ਸਪਾਟਾ ਅਤੇ ਨਾਗਰਿਕ ਹਵਾਬਾਜ਼ੀ ਰਾਜ ਮੰਤਰੀ ਅਤੇ ਉਦਯੋਗ ਰਾਜ ਮੰਤਰੀ ਦਾ ਅਹੁਦਾ ਵੀ ਸੰਭਾਲਿਆ। ਸਿੰਘ ਨੇ ਕੇਂਦਰੀ ਇਸਪਾਤ ਖੇਤਰ ਅਤੇ ਕੇਂਦਰੀ ਸੂਖਮ, ਲਘੁ ਅਤੇ ਮੱਧਮ ਉੱਦਮ (ਐਮ. ਐੱਸ. ਐੱਮ. ਈ.) ਮੰਤਰੀ ਦੇ ਰੂਪ ਵਿੱਚ ਵੀ ਕੰਮ ਕੀਤਾ। ਦਸੰਬਰ 2017 ਵਿੱਚ ਉਹ ਸੋਲਨ ਜ਼ਿਲ੍ਹੇ ਦੇ ਅਰਕੀ ਵਿਧਾਨ ਸਭਾ ਖੇਤਰ ਤੋਂ 13ਵੀਂ ਵਿਧਾਨ ਸਭਾ ਲਈ ਫਿਰ ਤੋਂ ਚੁਣੇ ਗਏ ਸਨ।ਉਨ੍ਹਾਂ ਨੇ ਰਾਜ ਵਿਧਾਨ ਸਭਾ ਵਿੱਚ ਜ਼ੁਬਲ-ਕੋਟਖਈ, ਰੋਹਰੂ ਅਤੇ ਸ਼ਿਮਲਾ ਪੇਂਡੂ ਖੇਤਰ ਦੀ ਨੁਮਾਇੰਦਗੀ ਕੀਤੀ। ਉਹ ਕਈ ਵਾਰ ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਰਹੇ। ਉਨ੍ਹਾਂ ਦਾ ਜਨਮ 23 ਜੂਨ 1934 ਨੂੰ ਹੋਇਆ ਸੀ।