ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਦੀ ਅਗਵਾਈ ’ਚ ਵਫ਼ਦ ਨੇ ਪੁਲਿਸ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਅੰਮ੍ਰਿਤਸਰ – ਰਣਜੀਤ ਐਵੀਨਿਊ ਇਲਾਕੇ ਦੇ ਇਕ ਸਿੱਖ ਪਰਿਵਾਰ ਦੇ ਘਰ ਵਿੱਚੋਂ ਅਖੌਤੀ ਸਤਿਕਾਰ ਕਮੇਟੀ ਦੇ ਮੈਂਬਰਾਂ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜਬਰੀ ਚੁੱਕ ਕੇ ਲੈ ਜਾਣ ਦੇ ਮਾਮਲੇ ਸਬੰਧੀ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਦੀ ਅਗਵਾਈ ਹੇਠ ਇਕ ਵਫ਼ਦ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਦਿੱਤਾ। ਇਸ ਸਬੰਧੀ ਗੱਲਬਾਤ ਕਰਦਿਆਂ ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਬੀਤੀ 2 ਜੂਨ ਨੂੰ ਅਖੌਤੀ ਸਤਿਕਾਰ ਕਮੇਟੀ ਦੇ 15-20 ਮੈਂਬਰ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਇਲਾਕੇ ਦੇ ਇਕ ਸਿੱਖ ਪਰਿਵਾਰ ਦੇ ਘਰ ਜਬਰੀ ਦਾਖ਼ਲ ਹੋਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਆਪਣੇ ਨਾਲ ਲੈ ਗਏ। ਉਨ੍ਹਾਂ ਕਿਹਾ ਕਿ ਇਹ ਪਾਵਨ ਸਰੂਪ ਨਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਨਾ ਹੀ ਗੁਰਦੁਆਰਾ ਰਾਮਸਰ ਸਾਹਿਬ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਮਿਲੀ ਸ਼ਿਕਾਇਤ ਦੇ ਅਧਾਰ ’ਤੇ ਪੜਤਾਲ ਕਰਵਾਈ ਗਈ, ਜਿਸ ਵਿਚ ਇਹ ਤੱਥ ਸਾਹਮਣੇ ਆਏ ਕਿ ਪਰਿਵਾਰ ਗੁਰਸਿੱਖ ਹੈ ਅਤੇ ਮਰਯਾਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਖੌਤੀ ਸਤਿਕਾਰ ਕਮੇਟੀ ਦੇ ਆਗੂ ਤੇਜਬੀਰ ਸਿੰਘ ਨੂੰ ਪੁੱਛਣ ’ਤੇ ਉਸ ਨੇ ਦੱਸਿਆ ਕਿ ਉਹ ਰਣਜੀਤ ਐਵੀਨਿਊ ਥਾਣੇ ਦੇ ਐਸਐਚਓ ਸ੍ਰੀ ਰਾਬਨ ਹੰਸ ਦੀ ਸਹਿਮਤੀ ਨਾਲ ਉਕਤ ਘਰ ਵਿਚ ਦਾਖ਼ਲ ਹੋਏ ਸਨ। ਬੀਬੀ ਕਿਰਨਜੋਤ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੁਲਿਸ ਕਮਿਸ਼ਨਰ ਨੂੰ ਤੇਜਬੀਰ ਸਿੰਘ, ਉਸ ਦੇ ਸਾਥੀਆਂ ਅਤੇ ਸਹਿਯੋਗੀ ਪੁਲਿਸ ਕਰਮੀਆਂ ਵਿਰੁੱਧ ਕਾਰਵਾਈ ਕਰਨ ਲਈ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖਿਆ ਗਿਆ ਸੀ। ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਪੁਲਿਸ ਕਮਿਸ਼ਨਰ ਕੋਲ ਇਤਰਾਜ਼ ਜਤਾਇਆ ਕਿ ਅਖੌਤੀ ਸਤਿਕਾਰ ਕਮੇਟੀ ’ਤੇ ਕਾਰਵਾਈ ਕਰਨ ਦੀ ਬਜਾਏ ਵੱਖੋ-ਵੱਖ ਪੁਲਿਸ ਕਰਮੀ ਉਨ੍ਹਾਂ ਨੂੰ ਸਿੱਖ ਰਹਿਤ ਮਰਯਾਦਾ ਦਾ ਪਾਠ ਪੜ੍ਹਾਉਂਦੇ ਰਹੇ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਦੀ ਕਥਿਤ ਮਿਲੀ ਭੁਗਤ ਨਾਲ ਅਖੌਤੀ ਸਤਿਕਾਰ ਕਮੇਟੀਆਂ ਦਾ ਸਿੱਖਾਂ ਦੇ ਘਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੁੱਕਣ ਦੇ ਮਾਮਲਿਆਂ ’ਤੇ ਰੋਕ ਲੱਗਣੀ ਚਾਹੀਦੀ ਹੈ ਅਤੇ ਪੁਲਿਸ ਦਾ ਧਾਰਮਿਕ ਖੇਤਰ ਵਿਚ ਦਖ਼ਲ ਤੁਰੰਤ ਰੋਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲਾਪਤਾ ਪਾਵਨ ਸਰੂਪ ਪਰਿਵਾਰ ਨੂੰ ਵਾਪਸ ਦਿਵਾਇਆ ਜਾਵੇ ਅਤੇ ਦੋਸ਼ੀਆਂ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਮੌਕੇ ਵਫ਼ਦ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਦੇ ਨਾਲ ਸ. ਪ੍ਰਿਤਪਾਲ ਸਿੰਘ, ਸ. ਨਰਿੰਦਰ ਸਿੰਘ, ਸ. ਪਲਵਿੰਦਰ ਸਿੰਘ, ਸ. ਸੁਰਿੰਦਰ ਸਿੰਘ, ਸ. ਪਰਉਪਕਾਰ ਸਿੰਘ, ਸ. ਗੁਰਬਖ਼ਸ਼ ਸਿੰਘ ਬੇਦੀ, ਸ. ਸੁਰਿੰਦਰ ਸਿੰਘ ਕਿਤਾਬਾਂ ਵਾਲੇ, ਸ. ਹਰਸ਼ਰਨ ਸਿੰਘ, ਸ. ਨਰਿੰਦਰਪਾਲ ਸਿੰਘ ਤੇ ਬੀਬੀ ਅਰਸ਼ਦੀਪ ਕੌਰ ਸ਼ਾਮਲ ਸਨ।