ਨਵੀਂ ਦਿੱਲੀ, 8 ਜੂਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਵਿਗੜ ਗਈ ਹੈ| ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੇਜਰੀਵਾਲ ਨੂੰ ਹਲਕਾ ਬੁਖਾਰ ਅਤੇ ਗਲੇ ਵਿੱਚ ਖ਼ਰਾਸ਼ ਦੀ ਸ਼ਿਕਾਇਤ ਹੈ| ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਜਾਣਾ ਹੈ| ਇਸ ਦੌਰਾਨ ਉਨ੍ਹਾਂ ਨੇ ਖੁਦ ਨੂੰ ਆਈਸੋਲੇਟ ਕਰ ਲਿਆ ਹੈ ਅਤੇ ਉਹ ਕੋਵਿਡ-19 ਦੀ ਜਾਂਚ ਕਰਵਾਉਣਗੇ|
ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਐਤਵਾਰ ਦੁਪਹਿਰ ਤੋਂ ਹੀ ਸਿਹਤਮੰਦ ਮਹਿਸੂਸ ਨਹੀਂ ਕਰ ਰਹੇ ਸਨ| ਜਿਸ ਤੋਂ ਬਾਅਦ ਕੱਲ ਦੁਪਹਿਰ ਤੋਂ ਸਾਰੀਆਂ ਬੈਠਕਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਕੇਜਰੀਵਾਲ ਨੇ ਕਿਸੇ ਨਾਲ ਵੀ ਮੁਲਾਕਾਤ ਨਹੀਂ ਕੀਤੀ|
ਇੱਥੇ ਇਹ ਜਿਕਰਯੋਗ ਹੈ ਕਿ ਮੁੱਖ ਮੰਤਰੀ ਕੇਜਰੀਵਾਲ ਦਿੱਲੀ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਲੈ ਕੇ ਕਾਫੀ ਗੰਭੀਰ ਹਨ ਅਤੇ ਉਹਨਾਂ ਵਲੋਂ ਇਸ ਤੇ ਲਗਾਤਾਰ ਨਜਰ ਰੱਖੀ ਜਾ ਰਹੀ ਹੈ| ਇਸ ਦੌਰਾਨ ਦਿੱਲੀ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜਰ ਕੇਜਰੀਵਾਲ ਸਰਕਾਰ ਨੇ ਫੈਸਲਾ ਲਿਆ ਸੀ ਕਿ ਦਿੱਲੀ ਦੇ ਹਸਪਤਾਲਾਂ (ਚਾਹੇ ਉਹ ਸਰਕਾਰੀ ਹੋਣ ਜਾਂ ਪ੍ਰਾਈਵੇਟ) ਵਿੱਚ ਸਿਰਫ ਤੇ ਸਿਰਫ ਦਿੱਲੀ ਦੇ ਵਸਨੀਕਾਂ ਦਾ ਇਲਾਜ ਹੀ ਹੋਵੇਗਾ| ਕੇਜਰੀਵਾਲ ਵਲੋਂ ਸਪੱਸ਼ਟ ਕੀਤਾ ਗਿਆ ਸੀ ਕਿ ਕਿ ਦਿੱਲੀ ਵਿਚ ਮੌਜੂਦ ਸਿਰਫ ਕੇਂਦਰ ਸਰਕਾਰ ਦੇ ਹਸਪਤਾਲਾਂ ਵਿਚ ਦਿੱਲੀ ਤੋਂ ਬਾਹਰ ਵਾਲੇ ਲੋਕਾਂ ਦਾ ਇਲਾਜ ਹੋਵੇਗਾ|