ਕਾਨਪੁਰ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਫ਼ੌਜ ਕੋਲ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਦੀ ਤਾਕਤ ਹੈ। ਜੰਮੂ ’ਚ ਹਵਾਈ ਫ਼ੌਜ ਸਟੇਸ਼ਨ ’ਤੇ ਹਾਲੀਆ ਡਰੋਨ ਹਮਲੇ ਬਾਰੇ ਰੱਖਿਆ ਮੰਤਰੀ ਨੇ ਕਿਹਾ, ‘ਅਸੀਂ ਯਕੀਨ ਦਿਵਾਉਣਾ ਚਾਹੁੰਦੇ ਹਾਂ ਕਿ ਦੇਸ਼ਵਾਸੀ ਅਤੇ ਦੇਸ਼ ਪੂਰੀ ਸੁਰੱਖਿਅਤ ਹਨ। ਕੋਈ ਚੁਣੌਤੀ ਆਵੇ, ਸਾਡੀ ਫ਼ੌਜ ਕੋਲ ਉਸ ਦਾ ਸਾਹਮਣਾ ਕਰਨ ਦੀ ਤਾਕਤ ਹੈ।’ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਡਰੋਨ ਆਉਣ ’ਤੇ ਕਿਸੇ ਨੂੰ ਵੀ ਚੇਤਾਵਨੀ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਸ੍ਰੀ ਸਿੰਘ ਨੇ ਪੱਤਰਕਾਰਾਂ ਨੂੰ ਇਹ ਵੀ ਕਿਹਾ ਕਿ ਨਿਆਂ ਅਤੇ ਮਨੁੱਖਤਾ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਬੀਜੇਪੀ) ਦਾ ਆਧਾਰ ਹਨ। ਉਨ੍ਹਾਂ ਕਿਹਾ, ‘ਭਾਜਪਾ ਨੇ ਕਦੇ ਵੀ ਜਾਤ ਅਤੇ ਧਰਮ ਉੱਤੇ ਸਿਆਸਤ ਨਹੀਂ ਕੀਤੀ।’ ਇੱਕ ਸਵਾਲ ਦੇ ਜਵਾਬ ਵਿੱਚ ਰਾਜਨਾਥ ਸਿੰਘ ਨੇ ਕਿਹਾ, ‘ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਕਾਰਜਸ਼ੈਲੀ ’ਤੇ ਕੋਈ ਸਵਾਲ ਨਹੀਂ ਹੈ।’ ਇਸ ਤੋਂ ਪਹਿਲਾਂ ਉਹ ਸ਼ਿਆਮ ਨਗਰ ਵਿੱਚ ਹਰੀਹਰ ਧਾਮ ਵੀ ਗਏ ਅਤੇ ਮਿਥਲੇਸ਼ ਦਿਵੇਦੀ (ਮਮਤਾਮਈ ਮਾਤਾ) ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ।